ਗੁੱਡ ਫਰਾਈਡੇ ਮੌਕੇ ਮਸੀਹੀ ਭਾਈਚਾਰੇ ਨੇ ਕੱਢੀ ਸ਼ੋਭਾ ਯਾਤਰਾ
ਗੁੱਡ ਫਰਾਈਡੇ ਮੌਕੇ ਇੱਛੇਵਾਲਾ ਰੋਡ ਚਰਚ ਤੋਂ ਮਸੀਹੀ ਭਾਈਚਾਰੇ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ
Publish Date: Fri, 03 Apr 2026 05:56 PM (IST)
Updated Date: Fri, 03 Apr 2026 05:58 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਗੁੱਡ ਫਰਾਈਡੇ ਦੇ ਪਵਿੱਤਰ ਦਿਹਾੜੇ ਦੇ ਸਬੰਧ ਵਿਚ ਸ਼ੁੱਕਰਵਾਰ ਨੂੰ ਸਥਾਨਕ ਇੱਛੇਵਾਲਾ ਰੋਡ ਸਥਿਤ ਮੁੱਖ ਚਰਚ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਸ਼ੋਭਾ ਯਾਤਰਾ ਵਿਚ ਨਾ ਕੇਵਲ ਸ਼ਹਿਰ ਬਲਕਿ ਆਸ-ਪਾਸ ਦੇ ਪਿੰਡਾਂ ਤੋਂ ਵੀ ਵੱਡੀ ਗਿਣਤੀ ਵਿਚ ਇਸਾਈ ਭਾਈਚਾਰੇ ਦੇ ਲੋਕਾਂ ਨੇ ਸ਼ਮੂਲੀਅਤ ਕਰਕੇ ਆਪਣੀ ਅਕੀਦਤ ਦਾ ਪ੍ਰਗਟਾਵਾ ਕੀਤਾ। ਸ਼ਰਧਾ ਅਤੇ ਉਤਸ਼ਾਹ ਦਾ ਸੰਗਮ ਸਵੇਰ ਤੋਂ ਹੀ ਇੱਛੇਵਾਲਾ ਰੋਡ ਸਥਿਤ ਚਰਚ ਵਿਖੇ ਸੰਗਤਾਂ ਦਾ ਇਕੱਠਾ ਹੋਣਾ ਸ਼ੁਰੂ ਹੋ ਗਿਆ ਸੀ। ਚਰਚ ਦੇ ਮੁੱਖ ਧਾਰਮਿਕ ਆਗੂਆਂ, ਪਾਸਟਰਾਂ ਅਤੇ ਪ੍ਰਬੰਧਕਾਂ ਦੀ ਅਗਵਾਈ ਵਿਚ ਇਹ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਦੌਰਾਨ ਇਸਾਈ ਭਾਈਚਾਰੇ ਵੱਲੋਂ ਪ੍ਰਭੂ ਦੀ ਮਹਿਮਾ ਵਿਚ ਭਜਨ ਅਤੇ ਗੀਤ ਗਾਏ ਗਏ। ਵੱਡੀ ਗਿਣਤੀ ਲੋਕਾਂ ਵੱਲੋਂ ਹੱਥਾਂ ਵਿਚ ਪਵਿੱਤਰ ਧਾਰਮਿਕ ਕਰਾਸ ਫੜੇ ਹੋਏ ਸਨ। ਇਸ ਮੌਕੇ ਚਰਚ ਦੇ ਬੁਲਾਰਿਆਂ ਨੇ ਦੱਸਿਆ ਕਿ ਗੁੱਡ ਫਰਾਈਡੇ ਦਾ ਦਿਨ ਸਾਨੂੰ ਪ੍ਰਭੂ ਯਿਸੂ ਮਸੀਹ ਵੱਲੋਂ ਅਦੁੱਤੀ ਕੁਰਬਾਨੀ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਭੂ ਨੇ ਸਾਨੂੰ ਪਿਆਰ, ਖਿਮਾ ਅਤੇ ਨਿਮਰਤਾ ਦਾ ਮਾਰਗ ਦਿਖਾਇਆ ਹੈ, ਜਿਸ ’ਤੇ ਚੱਲ ਕੇ ਹੀ ਸੰਸਾਰ ਵਿਚ ਅਮਨ-ਚੈਨ ਕਾਇਮ ਰੱਖਿਆ ਜਾ ਸਕਦਾ ਹੈ। ਇਹ ਸ਼ੋਭਾ ਯਾਤਰਾ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਵਾਪਸ ਚਰਚ ਵਿਖੇ ਸਮਾਪਤ ਹੋਈ, ਜਿੱਥੇ ਵਿਸ਼ੇਸ਼ ਪ੍ਰਾਰਥਨਾ ਕੀਤੀ ਗਈ ਅਤੇ ਸਭ ਦੇ ਭਲੇ ਦੀ ਕਾਮਨਾ ਕੀਤੀ ਗਈ। ਇਸੇ ਤਰ੍ਹਾਂ ਫਿਰੋਜ਼ਪੁਰ ਛਾਉਣੀ ਵਿਖੇ ਮਸੀਹੀ ਭਾਈਚਾਰੇ ਵੱਲੋਂ ‘ਗੁੱਡ ਫਰਾਈਡੇ’ ਦਾ ਪਵਿੱਤਰ ਦਿਹਾੜਾ ਬੇਹੱਦ ਸ਼ਰਧਾ, ਸਤਿਕਾਰ ਅਤੇ ਨਾਲ ਮਨਾਇਆ ਗਿਆ। ਇਸ ਮੌਕੇ ’ਤੇ ਚਰਚ ਕਾਨਾ ਗਲੀਲ ਮਿਸਟਰੀ ਵੱਲੋਂ ਇਕ ਵਿਸ਼ਾਲ ਅਤੇ ਪ੍ਰਭਾਵਸ਼ਾਲੀ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਇਲਾਕੇ ਦੀਆਂ ਹਜ਼ਾਰਾਂ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਹ ਅਧਿਆਤਮਕ ਯਾਤਰਾ ਚਰਚ ਕਾਨਾ ਗਲੀਲ ਮਿਸਟਰੀ ਤੋਂ ਪੂਰੀ ਸ਼ਾਨੋ-ਸ਼ੌਕਤ ਨਾਲ ਆਰੰਭ ਹੋਈ। ਫਿਰੋਜ਼ਪੁਰ ਛਾਉਣੀ ਦੇ ਵੱਖ-ਵੱਖ ਬਾਜ਼ਾਰਾਂ ਅਤੇ ਮੁੱਖ ਚੌਕਾਂ ਵਿੱਚੋਂ ਗੁਜ਼ਰਦਿਆਂ, ਇਸ ਯਾਤਰਾ ਨੇ ਪੂਰੇ ਸ਼ਹਿਰ ਨੂੰ ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆਵਾਂ ਦੇ ਰੰਗ ਵਿਚ ਰੰਗ ਦਿੱਤਾ।ਉਨ੍ਹਾਂ ਕਿਹਾ ਗੁੱਡ ਫਰਾਈਡੇ ਵਰਗੇ ਪਵਿੱਤਰ ਦਿਹਾੜੇ ਸਾਨੂੰ ਕੁਰਬਾਨੀ, ਸਹਿਣਸ਼ੀਲਤਾ ਅਤੇ ਮਾਨਵਤਾ ਦਾ ਮਾਰਗ ਦਿਖਾਉਂਦੇ ਹਨ। ਅੱਜ ਦੇ ਸਮੇਂ ਵਿਚ ਸਭ ਤੋਂ ਵੱਡੀ ਲੋੜ ਆਪਸੀ ਪਿਆਰ, ਮਿਲਵਰਤਣ ਅਤੇ ਸਦਭਾਵਨਾ ਨੂੰ ਬਰਕਰਾਰ ਰੱਖਣ ਦੀ ਹੈ।