ਜ਼ਿਲ੍ਹਾ ਪ੍ਰੀਸ਼ਦ ਦੇ 14 ਤੇ ਬਲਾਕ ਸੰਮਤੀਆਂ ਦੇ 112 ਮੈਂਬਰਾਂ ਨੇ ਚੁੱਕੀ ਸਹੁੰ
ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੇ ਚੁਣੇ ਮੈਂਬਰਾਂ ਨੂੰ ਚੁਕਾਈ ਗਈ ਸਹੁੰ
Publish Date: Fri, 27 Feb 2026 05:44 PM (IST)
Updated Date: Fri, 27 Feb 2026 05:46 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਤੀਆਂ ਦੇ ਨਵ-ਚੁਣੇ ਮੈਂਬਰਾਂ ਦਾ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸਹੁੰ ਚੁੱਕ ਸਮਾਗਮ ਆਯੋਜਿਤ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ ਵਿਕਾਸ ਕ੍ਰਿਸ਼ਨਾ ਪਾਲ ਰਾਜਪੂਤ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੇ ਮੈਂਬਰਾਂ ਨੂੰ ਸਹੁੰ ਚੁਕਾਈ। ਇਸ ਸਹੁੰ ਚੁੱਕ ਸਮਾਮਗ ਵਿਚ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ ਅਤੇ ਵਿਧਾਇਕ ਜ਼ੀਰਾ ਨਰੇਸ਼ ਕਟਾਰੀਆ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਵਿਧਾਇਕ ਫਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ ਅਤੇ ਵਿਧਾਇਕ ਜ਼ੀਰਾ ਨਰੇਸ਼ ਕਟਾਰੀਆ ਨੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਅਤੇ ਬਲਾਕ ਸੰਮਤੀ ਮੈਂਬਰਾਂ ਨੂੰ ਅੱਜ ਦੇ ਸਹੁੰ ਚੁੱਕ ਸਮਾਗਮ ਦੌਰਾਨ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਅੱਜ ਕਾਨੂੰਨੀ ਤੌਰ ’ਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਮੈਂਬਰ ਬਣ ਚੁੱਕੇ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਲੋਕ ਹਿੱਤਾਂ ਨੂੰ ਦੇਖਦੇ ਹੋਏ ਉਹ ਪੂਰੀ ਇਮਾਨਦਾਰੀ ਨਾਲ ਆਪਣੇ ਕੰਮ ਨੂੰ ਕਰਨਗੇ। ਇਸ ਸਹੁੰ ਚੁੱਕ ਸਮਾਗਮ ਦੌਰਾਨ ਜ਼ਿਲ੍ਹਾ ਪੱਧਰ ’ਤੇ ਚੁਣੇ ਗਏ ਮੈਂਬਰਾਂ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਸਹੁੰ ਚੁਕਾਈ ਗਈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਲੋਕਾਂ ਦੁਆਰਾ ਚੁਣੇ ਗਏ ਜੇਤੂ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਲੋਕ ਹਿੱਤਾਂ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ 14 ਮੈਂਬਰਾਂ ਅਤੇ ਜ਼ਿਲ੍ਹੇ ਦੇ 6 ਬਲਾਕਾਂ ਦੀਆਂ ਪੰਚਾਇਤ ਸੰਮਤੀਆਂ ਦੇ 112 ਮੈਂਬਰਾਂ ਨੂੰ ਅੱਜ ਸਹੁੰ ਚੁਕਵਾਈ ਗਈ ਹੈ।