ਵਾਤਾਵਰਣ-ਸਨੇਹੀ ਮੁਹਿੰਮ ‘ਸਮਾਲ ਬੈਗਜ਼, ਬਿਗ ਚੇਂਜ’ ਪ੍ਰੋਗਰਾਮ ਕਰਵਾਇਆ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿਖੇ ਐੱਨਐੱਸਐੱਸ ਵਿੰਗ ਵੱਲੋਂ ਵਾਤਾਵਰਨ-ਸਨੇਹੀ ਮੁਹਿੰਮ ‘‘ਸਮਾਲ ਬੈਗਜ਼, ਬਿਗ ਚੇਂਜ’’ ਦਾ ਆਯੋਜਨ
Publish Date: Sat, 14 Mar 2026 04:08 PM (IST)
Updated Date: Sat, 14 Mar 2026 04:09 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਸ਼ਹਿਰ ਸਿੱਖਿਆ ਸਮਾਜਿਕ ਅਤੇ ਸੱਭਿਆਚਾਰਕ ਸਰਗਰਮੀਆਂ ਦੇ ਖੇਤਰ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸਬੰਧਿਤ ‘ਏ’ ਪਲੱਸ ਗਰੇਡ ਪ੍ਰਾਪਤ ਕਾਲਜ ਹੈ। ਇਹ ਸੰਸਥਾ ਕਾਲਜ ਦੇ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਦੇ ਆਸ਼ੀਰਵਾਦ ਤੇ ਚੇਅਰਪਰਸਨ ਡਾ. ਅਗਨੀਜ਼ ਢਿੱਲੋਂ ਦੀ ਅਗਵਾਈ ਸਦਕਾ ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਦੇ ਉੱਦਮੀ ਯਤਨਾਂ ਨਾਲ ਸਿੱਖਿਆ ਅਤੇ ਸਮਾਜਿਕ ਸਰਗਰਮੀਆਂ ਵਿਚ ਨਵੇਂ ਕੀਰਤੀਮਾਨ ਸਥਾਪਿਤ ਕਰ ਰਿਹਾ ਹੈ। ਇਸ ਲੜੀ ਦੇ ਅੰਤਰਗਤ ਕਾਲਜ ਦੇ ਐੱਨਐੱਸਐੱਸ ਵਿੰਗ ਵੱਲੋਂ ਗ੍ਰੀਨ ਇਨੀਸ਼ੀਏਟਿਵ ਅਤੇ ਆਈਕਿਊਏਸੀ ਦੇ ਤਹਿਤ ਵਾਤਾਵਰਣ ਸਨੇਹੀ ਸਰਗਰਮੀ ‘ਸਮਾਲ ਬੈਗਜ਼, ਬਿਗ ਚੇਂਜ’ ਪ੍ਰੋਗਰਾਮ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਨੇ ਵਿਦਿਆਰਥਣਾਂ ਨੂੰ ਕਿਹਾ ਕਿ ਅੱਜ ਦੇ ਸਮੇਂ ਵਿਚ ਪਲਾਸਟਿਕ ਪ੍ਰਦੂਸ਼ਣ ਦੁਨੀਆ ਲਈ ਇਕ ਵੱਡੀ ਸਮੱਸਿਆ ਬਣ ਚੁੱਕੀ ਹੈ। ਪਲਾਸਟਿਕ ਦੇ ਥੈਲਿਆਂ ਦੀ ਬੇ-ਹਿਸਾਬ ਵਰਤੋਂ ਨਾਲ ਵਾਤਾਵਰਣ ਨੂੰ ਗੰਭੀਰ ਨੁਕਸਾਨ ਪਹੁੰਚ ਰਿਹਾ ਹੈ। ਇਸ ਸਮੱਸਿਆ ਨੂੰ ਧਿਆਨ ਵਿਚ ਰੱਖਦਿਆਂ ਹੀ ਇਹ ਪ੍ਰੋਗਰਾਮ ਕਰਵਾਇਆ ਗਿਆ। ਵਾਤਾਵਰਣ ਦੀ ਸੰਭਾਲ ਕਰਨਾ ਅਜੋਕੇ ਸਮੇਂ ਦੀ ਵੱਡੀ ਲੋੜ ਹੈ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਪ੍ਰਕਿਰਤੀ ਨੂੰ ਸੁਰੱਖਿਅਤ ਰੱਖਣ ਲਈ ਆਪਣਾ ਯੋਗਦਾਨ ਪਾਈਏ ਅਤੇ ਲੋਕਾਂ ਵਿਚ ਕੱਪੜੇ ਜਾਂ ਕਾਗਜ਼ ਦੇ ਛੋਟੇ ਥੈਲਿਆਂ ਦੀ ਵਰਤੋਂ ਨੂੰ ਮੁੜ ਉਤਸ਼ਾਹਿਤ ਕਰਦੇ ਹੋਏ ਪਲਾਸਟਿਕ ਨਾਲ ਹੋਣ ਵਾਲੇ ਨੁਕਸਾਨ ਤੋਂ ਜਾਣੂ ਕਰਵਾਈਏ। ਇਸ ਮੌਕੇ ਐੱਨਐੱਸਐੱਸ ਵਲੰਟੀਅਰਾਂ ਨੇ ਬੜੇ ਜੋਸ਼ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਪੁਰਾਣੇ ਅਖ਼ਬਾਰਾਂ ਅਤੇ ਮੁੜ ਵਰਤੋਂ ਯੋਗ ਕਾਗਜਾਂ ਦਾ ਪ੍ਰਯੋਗ ਕਰ ਕੇ ਪੇਪਰ ਬੈਗ ਤਿਆਰ ਕੀਤੇ ਅਤੇ ਨੇੜਲੇ ਬਾਜ਼ਾਰ ਵਿਚ ਜਾ ਕੇ ਪੇਪਰ ਬੈਗ ਸਥਾਨਕ ਵਪਾਰੀਆਂ, ਖ਼ਾਸ ਕਰ ਕੇ ਸਬਜ਼ੀ ਅਤੇ ਫਲ ਵੇਚਣ ਵਾਲਿਆਂ ਨੂੰ ਵੰਡੇ। ਇਸ ਦੌਰਾਨ ਵਲੰਟੀਅਰਾਂ ਨੇ ਵਪਾਰੀਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਪਲਾਸਟਿਕ ਦੇ ਵਾਤਾਵਰਣ ’ਤੇ ਪੈਣ ਵਾਲੇ ਨੁਕਸਾਨਦਾਇਕ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਅਤੇ ਵਾਤਾਵਰਨ-ਸਨੇਹੀ ਵਿਕਲਪ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਉਪਰਾਲੇ ਦੀ ਵਪਾਰੀਆਂ ਨੇ ਸਰਾਹਨਾ ਕੀਤੀ ਅਤੇ ਭਵਿੱਖ ਵਿਚ ਵੀ ਅਜਿਹੀਆਂ ਮੁਹਿੰਮਾਂ ਦਾ ਸਮਰਥਨ ਕਰਨ ਦਾ ਭਰੋਸਾ ਦਿੱਤਾ। ਇਸ ਸਰਗਰਮੀ ਰਾਹੀਂ ਐੱਨਐੱਸਐੱਸ ਵਿੰਗ ਦੇ ਵਲੰਟਰੀਆਂ ਨੇ ਇਹ ਸੰਦੇਸ਼ ਦਿੱਤਾ ਕਿ ਛੋਟੇ-ਛੋਟੇ ਕਦਮ ਵੀ ਵਾਤਾਵਰਣ ਦੀ ਰੱਖਿਆ ਲਈ ਵੱਡਾ ਯੋਗਦਾਨ ਪਾ ਸਕਦੇ ਹਨ ਅਤੇ ਸਾਰਿਆਂ ਦੀ ਸਾਂਝੀ ਕੋਸ਼ਿਸ਼ ਨਾਲ ਹੀ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਸਮਾਜ ਬਣਾਇਆ ਜਾ ਸਕਦਾ ਹੈ। ਡਾ. ਸੰਗੀਤਾ ਪ੍ਰਿੰਸੀਪਲ ਦੁਆਰਾ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਪ੍ਰੋਗਰਾਮ ਦੇ ਸੰਚਾਲਕ ਰਾਬੀਆ, ਪ੍ਰੋਗਰਾਮ ਅਫਸਰ, ਐੱਨਐੱਸਐੱਸ ਵਿੰਗ ਨੂੰ ਵਧਾਈ ਦਿੱਤੀ।