ਮੁਸਾਫਰਾਂ ਨੂੰ ਮਿਲੇਗਾ ਸਸਤਾ ਤੇ ਮਿਆਰੀ ਖਾਣਾ
ਉੱਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਵੱਲੋਂ ਲੁਧਿਆਣਾ ਰੇਲਵੇ ਸਟੇਸ਼ਨ ’ਤੇ ‘ਫੂਡ ਵੈਨ’ ਸੇਵਾ ਦਾ ਆਗਾਜ਼
Publish Date: Wed, 25 Feb 2026 05:30 PM (IST)
Updated Date: Wed, 25 Feb 2026 05:34 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਉੱਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਅਧੀਨ ਆਉਂਦੇ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦੀ ਸਹੂਲਤ ਲਈ ਅੱਜ ‘ਫੂਡ ਵੈਨ’ ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਹ ਨਵੀਂ ਸਹੂਲਤ ਸਟੇਸ਼ਨ ਦੇ ਸਰਕੂਲੇਟਿੰਗ ਏਰੀਆ ਵਿਚ ਅਨਾਰਿਜ਼ਰਵਡ ਟਿਕਟ ਵਿੰਡ ਦੇ ਬਿਲਕੁਲ ਨੇੜੇ ਸ਼ੁਰੂ ਕੀਤੀ ਗਈ ਹੈ। ਇਸ ਫੂਡ ਵੈਨ ਰਾਹੀਂ ਯਾਤਰੀਆਂ ਨੂੰ ਹਰ ਤਰ੍ਹਾਂ ਦੇ ਖਾਣੇ ਦੇ ਬਦਲ ਮਿਲਣਗੇ। ਇਸ ਵਿਚ ਨਾਸ਼ਤਾ, ਦੁਪਹਿਰ ਅਤੇ ਰਾਤ ਦਾ ਖਾਣਾ ਘਰ ਵਰਗਾ ਸਵਾਦ ਅਤੇ ਸ਼ੁੱਧਤਾ, ਫਾਸਟ ਫੂਡ ਤੇ ਸਨੈਕਸ ਯਾਤਰੀਆਂ ਦੀ ਪਸੰਦ ਦੇ ਮੁਤਾਬਿਕ ਤਾਜ਼ਾ ਤਿਆਰ ਕੀਤੇ ਗਏ ਪਕਵਾਨ, ਪੀਣ ਵਾਲੇ ਪਦਾਰਥ ਵੱਖ-ਵੱਖ ਤਰ੍ਹਾਂ ਦੇ ਜੂਸ, ਗਰਮ ਸੂਪ ਅਤੇ ਹੋਰ ਪੈਕ ਕੀਤੇ ਖਾਧ ਪਦਾਰਥ ਹਨ। ਇਹ ਸਾਰੀਆਂ ਵਸਤੂਆਂ ਬਾਜ਼ਾਰ ਦੇ ਮੁਕਾਬਲੇ ਕਿਫਾਇਤੀ ਦਰਾਂ ’ਤੇ ਉਪਲਬੱਧ ਕਰਵਾਈਆਂ ਜਾ ਰਹੀਆਂ ਹਨ, ਤਾਂ ਜੋ ਆਮ ਮੁਸਾਫਰ ਦੀ ਜੇਬ ’ਤੇ ਜ਼ਿਆਦਾ ਬੋਝ ਨਾ ਪਵੇ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਇਸ ਮੌਕੇ ਦੱਸਿਆ ਕਿ ਇਹ ਸੇਵਾ ਵਿਸ਼ੇਸ਼ ਤੌਰ ’ਤੇ ਉਨ੍ਹਾਂ ਯਾਤਰੀਆਂ ਲਈ ਵਰਦਾਨ ਸਾਬਤ ਹੋਵੇਗੀ ਜੋ ਲੰਬੀ ਦੂਰੀ ਦਾ ਸਫਰ ਕਰਦੇ ਹਨ ਜਾਂ ਜਿਨ੍ਹਾਂ ਨੂੰ ਰੇਲਗੱਡੀਆਂ ਦੀ ਉਡੀਕ ਵਿਚ ਸਟੇਸ਼ਨ ’ਤੇ ਲੰਬਾ ਸਮਾਂ ਬਿਤਾਉਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ‘ਨਾਨ ਫੇਅਰ ਰੈਵੇਨਿਊ’ ਸਕੀਮ ਤਹਿਤ ਸ਼ੁਰੂ ਕੀਤਾ ਗਿਆ ਹੈ, ਜਿਸ ਨਾਲ ਰੇਲਵੇ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ। ਲੁਧਿਆਣਾ ਸਟੇਸ਼ਨ ਦੀ ਸਫਲਤਾ ਤੋਂ ਬਾਅਦ ਭਵਿੱਖ ਵਿਚ ਅਜਿਹੀਆਂ ਫੂਡ ਵੈਨ ਸੇਵਾਵਾਂ ਫਿਰੋਜ਼ਪੁਰ ਮੰਡਲ ਦੇ ਹੋਰਨਾਂ ਮੁੱਖ ਰੇਲਵੇ ਸਟੇਸ਼ਨਾਂ ’ਤੇ ਵੀ ਸ਼ੁਰੂ ਕਰਨ ਦੀ ਯੋਜਨਾ ਹੈ।