ਜੇਲ੍ਹ ਤੋਂ ਰਿਹਾਅ ਹੋਈ ਨੋਨੀ ਮਾਨ ਦਾ ਸਵਾਗਤ
ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਨੋਨੀ ਮਾਨ ਦਾ ਭਰਵਾਂ ਸਵਾਗਤ, ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ
Publish Date: Mon, 13 Apr 2026 04:24 PM (IST)
Updated Date: Mon, 13 Apr 2026 04:28 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸਮਾਜਿਕ ਅਤੇ ਸਿਆਸੀ ਹਲਕਿਆਂ ਵਿੱਚ ਉਸ ਵੇਲੇ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ ਜਦੋਂ ਸੀਨੀਅਰ ਅਕਾਲੀ ਆਗੂ ਅਤੇ ਹਲਕਾ ਗੁਰੂਹਰਸਹਾਏ ਦੇ ਇੰਚਾਰਜ ਵਰਦੇਵ ਸਿੰਘ ‘ਨੋਨੀ ਮਾਨ’ ਨੂੰ ਚੁਣਾਵੀ ਰੰਜਿਸ਼ ਦੇ ਇਕ ਮਾਮਲੇ ਵਿੱਚ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ । ਨੋਨੀ ਮਾਨ ਦੇ ਜੇਲ੍ਹ ਤੋਂ ਰਿਹਾਅ ਹੋ ਕੇ ਵਾਪਸ ਪਰਤਣ ’ਤੇ ਉਨ੍ਹਾਂ ਦੇ ਨਜ਼ਦੀਕੀ ਸਾਥੀਆਂ ਅਤੇ ਸਮਰਥਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਰੁਪਿੰਦਰ ਸਿੰਘ ਬਾਵਾ ਜੋਸਨ ਅਤੇ ਉਨ੍ਹਾਂ ਦੇ ਸਾਥੀਆਂ ਨੇ ਨੋਨੀ ਮਾਨ ਦਾ ਮੂੰਹ ਮਿੱਠਾ ਕਰਵਾਇਆ ਅਤੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦੀ ਰਿਹਾਈ ਦਾ ਜਸ਼ਨ ਮਨਾਇਆ। ਸਵਾਗਤ ਕਰਨ ਵਾਲੇ ਆਗੂਆਂ ਵਿਚੋਂ ਬਾਵਾ ਜੋਸਨ ਨੇ ਆਖਿਆ ਕਿ ਨੋਨੀ ਮਾਨ ਦੀ ਰਿਹਾਈ ਨਾਲ ਉਨ੍ਹਾਂ ਦੀ ਟੀਮ ਨੂੰ ਵੱਡੀ ਮਜ਼ਬੂਤੀ ਮਿਲੀ ਹੈ। ਰੁਪਿੰਦਰ ਸਿੰਘ ਬਾਵਾ ਜੋਸਨ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਮਹਿਬੂਬ ਨੇਤਾ ਦੀ ਵਾਪਸੀ ਤੇ ਬਹੁਤ ਖੁਸ਼ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਸਾਰੇ ਮਿਲ ਕੇ ਲੋਕ ਭਲਾਈ ਦੇ ਕਾਰਜਾਂ ਵਿੱਚ ਪਹਿਲਾਂ ਵਾਂਗ ਸਰਗਰਮ ਰਹਿਣਗੇ। ਉਨ੍ਹਾਂ ਕਿਹਾ ਕਿ ਮੁਸ਼ਕਲ ਸਮਾਂ ਹਮੇਸ਼ਾ ਲਈ ਨਹੀਂ ਰਹਿੰਦਾ ਅਤੇ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਅਕਾਲੀ ਆਗੂ ਬਚਿੱਤਰ ਸਿੰਘ, ਲਖਬੀਰ ਸਿੰਘ ਉੱਪਲ, ਪ੍ਰੀਤਮ ਸਿੰਘ , ਜੋਗਾ ਸਿੰਘ ਨੰਢਾ, ਰਾਜਵੀਰ ਸਿੰਘ, ਅਤੇ ਪਰਮਿੰਦਰ ਸਿੰਘ ਪਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਨ੍ਹਾਂ ਸਾਰੇ ਸਾਥੀਆਂ ਨੇ ਨੋਨੀ ਮਾਨ ਦੇ ਨਾਲ ਇਕਜੁੱਟਤਾ ਪ੍ਰਗਟਾਈ ਅਤੇ ਉਨ੍ਹਾਂ ਦੇ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ।ਨੋਨੀ ਮਾਨ ਨੇ ਵੀ ਆਪਣੇ ਸਾਰੇ ਸਾਥੀਆਂ ਅਤੇ ਸ਼ੁਭਚਿੰਤਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਰ ਮੋੜ ਤੇ ਉਨ੍ਹਾਂ ਦੇ ਨਾਲ ਖੜ੍ਹੇ ਰਹਿਣ ਵਾਲੇ ਦੋਸਤਾਂ ਦੇ ਰਿਣੀ ਹਨ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਜਨਤਕ ਸੇਵਾਵਾਂ ਲਈ ਹਮੇਸ਼ਾ ਤਤਪਰ ਰਹਿਣਗੇ।