‘ਨੋ ਪਾਰਕਿੰਗ’ ਬੋਰਡ ਬੇਅਸਰ, ਜ਼ੀਰਾ ਬੱਸ ਸਟੈਂਡ ਬਣਿਆ ਨਿੱਜੀ ਵਾਹਨਾਂ ਦਾ ਅੱਡਾ
“ਨੋ ਪਾਰਕਿੰਗ” ਬੋਰਡ ਬੇਅਸਰ, ਜ਼ੀਰਾ ਬੱਸ ਸਟੈਂਡ ਬਣਿਆ ਨਿੱਜੀ ਵਾਹਨਾਂ ਦਾ ਅੱਡਾ
Publish Date: Sat, 28 Feb 2026 03:42 PM (IST)
Updated Date: Sat, 28 Feb 2026 03:43 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ਸ਼ਹਿਰ ਦਾ ਮੁੱਖ ਬੱਸ ਸਟੈਂਡ ਇਨ੍ਹਾਂ ਦਿਨਾਂ ਯਾਤਰੀ ਸਹੂਲਤ ਕੇਂਦਰ ਦੀ ਬਜਾਏ ਪ੍ਰਾਈਵੇਟ ਕਾਰਾਂ ਅਤੇ ਮੋਟਰਸਾਈਕਲਾਂ ਦਾ ਅੱਡਾ ਬਣਦਾ ਜਾ ਰਿਹਾ ਹੈ। ਜਿੱਥੇ ਹਰ ਰੋਜ਼ ਸੈਂਕੜੇ ਯਾਤਰੀ ਆਵਾਜਾਈ ਲਈ ਪਹੁੰਚਦੇ ਹਨ, ਉੱਥੇ ਬੱਸਾਂ ਦੀ ਆਵਾਜਾਈ ਵਾਲੇ ਰਸਤੇ ਹੀ ਗੈਰ-ਕਾਨੂੰਨੀ ਪਾਰਕਿੰਗ ਨਾਲ ਘਿਰੇ ਨਜ਼ਰ ਆ ਰਹੇ ਹਨ। ਹਾਲਾਤ ਇਹ ਹਨ ਕਿ ਬੱਸ ਸਟੈਂਡ ਦੇ ਅੰਦਰ ਸਪੱਸ਼ਟ ਤੌਰ ’ਤੇ “ਨੋ ਪਾਰਕਿੰਗ” ਦੇ ਬੋਰਡ ਲੱਗੇ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੀ ਖੁੱਲ੍ਹੀ ਉਲੰਘਣਾ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਕਈ ਵਾਹਨ ਅਜਿਹੇ ਹਨ ਜੋ ਸਾਰਾ ਦਿਨ ਬੱਸ ਸਟੈਂਡ ਦੇ ਅੰਦਰ ਹੀ ਖੜੇ ਰਹਿੰਦੇ ਹਨ। ਪੁੱਛਗਿੱਛ ਕਰਨ ’ਤੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਇਹ ਵਾਹਨ ਰੋਡਵੇਜ਼ ਮੁਲਾਜ਼ਮਾਂ ਦੇ ਹਨ। ਸਵਾਲ ਇਹ ਹੈ ਕਿ ਜਦੋਂ ਬੱਸ ਸਟੈਂਡ ਦੇ ਅੰਦਰ ਵੱਖਰੀ ਪਾਰਕਿੰਗ ਦੀ ਵਿਵਸਥਾ ਮੌਜ਼ੂਦ ਹੈ, ਤਾਂ ਫਿਰ ਮੁਲਾਜ਼ਮ ਆਪਣੇ ਵਾਹਨ ਨਿਰਧਾਰਿਤ ਪਾਰਕਿੰਗ ਵਿੱਚ ਖੜੇ ਕਰਨ ਦੀ ਬਜਾਏ ਬੱਸਾਂ ਦੇ ਆਵਾਜਾਈ ਰਸਤੇ ਵਿਚ ਕਿਉਂ ਛੱਡ ਰਹੇ ਹਨ? ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਨ੍ਹਾਂ ਵਾਹਨਾਂ ’ਤੇ ਪਾਰਕਿੰਗ ਫੀਸ ਦੀ ਕੋਈ ਪਰਚੀ ਨਹੀਂ ਲੱਗਦੀ। ਇਸ ਬੇਤਰਤੀਬੀ ਕਾਰਨ ਯਾਤਰੀਆਂ ਨੂੰ ਨਾ ਸਿਰਫ਼ ਅਸੁਵਿਧਾ ਦਾ ਸਾਹਮਣਾ ਕਰਨਾ ਪੈਂਦਾ ਹੈ, ਸਗੋਂ ਹਾਦਸਿਆਂ ਦਾ ਖਤਰਾ ਵੀ ਵੱਧ ਗਿਆ ਹੈ। ਬੱਸਾਂ ਨੂੰ ਮੁੜਨ ਅਤੇ ਰੁਕਣ ਲਈ ਪ੍ਰਯਾਪਤ ਜਗ੍ਹਾ ਨਾ ਮਿਲਣ ਕਾਰਨ ਕਈ ਵਾਰ ਡਰਾਈਵਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਤੁਰੰਤ ਕੜੀ ਕਾਰਵਾਈ ਨਾ ਕੀਤੀ ਗਈ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ। ਇਸ ਤੋਂ ਇਲਾਵਾ, ਈ-ਰਿਕਸ਼ਾ ਚਾਲਕ ਵੀ ਯਾਤਰੀਆਂ ਨੂੰ ਬੱਸਾਂ ਦੇ ਬਿਲਕੁਲ ਕੋਲੋਂ ਚੜ੍ਹਾਉਣ-ਉਤਾਰਣ ਦੇ ਲਾਲਚ ਵਿਚ ਨਿਯਮਾਂ ਦੀ ਅਣਦੇਖੀ ਕਰ ਰਹੇ ਹਨ। ਬੱਸਾਂ ਦੇ ਨੇੜੇ ਈ-ਰਿਕਸ਼ਿਆਂ ਦੀ ਭੀੜ ਕਾਰਨ ਆਵਾਜਾਈ ਪ੍ਰਬੰਧਨ ਬੇਕਾਬੂ ਹੋ ਰਿਹਾ ਹੈ, ਜੋ ਸੁਰੱਖਿਆ ਲਈ ਗੰਭੀਰ ਖਤਰਾ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਜਨਰਲ ਮੈਨੇਜਰ ਵੱਲੋਂ ਸਪੱਸ਼ਟ ਹਦਾਇਤਾਂ ਅਤੇ ਨੋ-ਪਾਰਕਿੰਗ ਬੋਰਡ ਲਗਾਏ ਗਏ ਹਨ, ਤਾਂ ਫਿਰ ਉਨ੍ਹਾਂ ਦੀ ਪਾਲਣਾ ਕੌਣ ਕਰਵਾਏਗਾ? ਪੰਜਾਬ ਰੋਡਵੇਜ਼ ਦੇ ਉੱਚ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਤੁਰੰਤ ਮੌਕੇ ਦੀ ਜਾਂਚ ਕਰਕੇ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ, ਗੈਰ-ਕਾਨੂੰਨੀ ਪਾਰਕਿੰਗ ’ਤੇ ਜੁਰਮਾਨੇ ਲਗਾਏ ਜਾਣ ਅਤੇ ਬੱਸ ਸਟੈਂਡ ਅੰਦਰ ਸਖ਼ਤ ਨਿਗਰਾਨੀ ਪ੍ਰਬੰਧ ਲਾਗੂ ਕੀਤਾ ਜਾਵੇ। ਯਾਤਰੀਆਂ ਦੀ ਸਹੂਲਤ ਤੇ ਸੁਰੱਖਿਆ ਸਭ ਤੋਂ ਪਹਿਲੀ ਤਰਜੀਹ : ਜੀਐੱਮ ਅਰੋੜਾ ਇਸ ਮਾਮਲੇ ਸਬੰਧੀ ਜਦੋਂ ਪੰਜਾਬ ਰੋਡਵੇਜ਼ ਫਿਰੋਜ਼ਪੁਰ ਡੀਪੂ ਦੇ ਜਨਰਲ ਮੈਨੇਜਰ ਅਮਿਤ ਅਰੋੜਾ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਬਿਨ੍ਹਾ ਕਿਸੇ ਦੇਰੀ ਦੇ ਅੱਡਾ ਇੰਚਾਰਜ਼ ਦਵਿੰਦਰ ਸਿੰਘ ਨਾਲ ਤੁਰੰਤ ਸੰਪਰਕ ਕਰਕੇ ਸਪੱਸ਼ਟ ਹੁਕਮ ਜਾਰੀ ਕੀਤੇ ਕਿ ਬੱਸ ਸਟੈਂਡ ਜ਼ੀਰਾ ਅੰਦਰ ਬੇਤਰਤੀਬ ਖੜ੍ਹੀਆਂ ਕਾਰਾਂ ਅਤੇ ਮੋਟਰਸਾਈਕਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਯਾਤਰੀਆਂ ਦੀ ਸੁਵਿਧਾ ਅਤੇ ਸੁਰੱਖਿਆ ਸਭ ਤੋਂ ਪਹਿਲੀ ਤਰਜੀਹ ਹੈ ਅਤੇ ਬੱਸ ਅੱਡੇ ਦੀ ਅਨੁਸ਼ਾਸਨਹੀਣਤਾ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਿਰਫ਼ ਅੰਗਹੀਣ ਵਿਅਕਤੀਆਂ ਜਾਂ ਬਜ਼ੁਰਗਾਂ ਨੂੰ ਹੀ ਜ਼ਰੂਰਤ ਦੇ ਮੱਦੇਨਜ਼ਰ ਈ-ਰਿਕਸ਼ਾ ਰਾਹੀਂ ਅੰਦਰ ਆਉਣ ਦੀ ਆਗਿਆ ਹੋਵੇਗੀ, ਜਦਕਿ ਬਾਕੀ ਸਾਰੇ ਈ-ਰਿਕਸ਼ਿਆਂ ਦਾ ਬੱਸ ਸਟੈਂਡ ਅੰਦਰ ਦਾਖ਼ਲਾ ਪੂਰੀ ਤਰ੍ਹਾਂ ਰੋਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਜ਼ੀਰਾ ਵਿਚ ਜਲਦ ਹੀ ਅਨੁਸ਼ਾਸਨ ਅਤੇ ਸੁਚੱਜਾ ਪ੍ਰਬੰਧ ਦਿਖਾਈ ਦੇਵੇਗਾ।