ਫ਼ਰਦ ਕੇਂਦਰ ਕੰਪਿਊਟਰ ਓਪਰੇਟਰਾਂ ਮੰਗਾਂ ਵਿਚਾਰੀਆਂ
ਫ਼ਰਦ ਕੇਂਦਰ ਕੰਪਿਊਟਰ ਓਪਰੇਟਰ ਦੀਆਂ ਤਨਖਾਹਾਂ ਵਿਚ ਕੋਈ ਵੱਡਾ ਵਾਧਾ ਨਹੀਂ ਕੀਤਾ ਗਿਆ: ਰਮਨਦੀਪ ਸਿੰਘ ਚਕੇਰੀਆਂ
Publish Date: Wed, 07 Jan 2026 03:36 PM (IST)
Updated Date: Wed, 07 Jan 2026 03:39 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫ਼ਰਦ ਕੇਂਦਰ ਕੰਪਿਊਟਰ ਓਪਰੇਟਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਰਮਨਦੀਪ ਸਿੰਘ ਚਕੇਰੀਆਂ ਨੇ ਦੱਸਿਆ ਕਿ ਸਮੂਹ ਪੰਜਾਬ ਦੇ ਡਾਟਾ ਐਂਟਰੀ ਓਪਰੇਟਰ ਪਿਛਲੇ ਕਈ ਸਾਲਾਂ ਤੋਂ ਫਰਦ ਕੇਂਦਰਾਂ ’ਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। 17–18 ਸਾਲਾਂ ਦੀ ਲਗਾਤਾਰ ਸੇਵਾ ਦੇ ਬਾਵਜੂਦ ਸਾਡੀਆਂ ਤਨਖਾਹਾਂ ’ਚ ਕੋਈ ਵੱਡਾ ਵਾਧਾ ਨਹੀਂ ਕੀਤਾ ਗਿਆ ਅਤੇ ਨਾ ਹੀ ਉਹ ਸੁਵਿਧਾਵਾਂ ਦਿੱਤੀਆਂ ਗਈਆਂ ਹਨ ਜੋ ਇਕ ਮੁਲਾਜ਼ਮ ਨੂੰ ਕਿਰਤ ਕਾਨੂੰਨਾਂ ਅਨੁਸਾਰ ਮਿਲਣੀਆਂ ਚਾਹੀਦੀਆਂ ਹਨ। ਇੱਥੋਂ ਤੱਕ ਕਿ ਸਾਨੂੰ ਕਿਰਤ ਕਾਨੂੰਨ ਮੁਤਾਬਕ ਡੀਸੀ ਰੇਟ ਤਨਖਾਹ ਵੀ ਕਦੇ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਮੂਹ ਫਰਦ ਕੇਂਦਰ ਕੰਪਿਊਟਰ ਓਪਰੇਟਰ ਹੜਤਾਲ ਨਹੀਂ ਕਰਨਾ ਚਾਹੁੰਦੇ, ਪਰ ਕੰਪਨੀ ਵੱਲੋਂ ਵਾਰ-ਵਾਰ ਤਨਖਾਹ ਵਿਚ ਹੋ ਰਹੀ ਦੇਰੀ ਤੋਂ ਨਿਰਾਸ਼ ਹੋ ਕੇ ਫ਼ਰਦ ਕੇਂਦਰ ਕੰਪਿਊਟਰ ਓਪਰੇਟਰ ਐਸੋਸੀਏਸ਼ਨ ਵੱਲੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਮਹੀਨਾ ਦਸੰਬਰ 2025 ਦੀ ਤਨਖਾਹ ਤੁਰੰਤ ਜਾਰੀ ਕੀਤੀ ਜਾਵੇ ਨਾਲ ਹੀ, ਸਾਡੇ ਸਾਥੀ ਕੰਪਿਊਟਰ ਓਪਰੇਟਰ ਬੂਟਾ ਸਿੰਘ ਪੁੱਤਰ ਭੋਲਾ ਸਿੰਘ, ਵਾਸੀ ਪਿੰਡ ਬੀਰ ਕਲਾਂ, ਜ਼ਿਲ੍ਹਾ ਸੰਗਰੂਰ, ਨੂੰ ਜਬਰੀ ਛੁੱਟੀ ’ਤੇ ਰੱਖਿਆ ਗਿਆ ਹੈ, ਉਸ ਨੂੰ ਤੁਰੰਤ ਬਹਾਲ ਕੀਤਾ ਜਾਵੇ ਅਤੇ ਉਸ ਨੂੰ ਉਸ ਦੇ ਨੇੜਲੇ ਵਰਕ ਸਟੇਸ਼ਨ ਸੁਨਾਮ, ਚੀਮਾਂ ਜਾਂ ਲੋਂਗੋਵਾਲ ਵਿਖੇ ਬਣਦੀ ਸੀਟ ’ਤੇ ਤੈਨਾਤ ਕੀਤਾ ਜਾਵੇ। ਉਨ੍ਹਾਂ ਆਖਿਆ ਕਿ ਜੇਕਰ ਉਪਰੋਕਤ ਮੰਗਾਂ ਨੂੰ ਜਲਦ ਪੂਰਾ ਨਾ ਕੀਤਾ ਗਿਆ, ਤਾਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਫ਼ਰਦ ਕੇਂਦਰ ਕੰਪਿਊਟਰ ਓਪਰੇਟਰ ਐਸੋਸੀਏਸ਼ਨ ਮਿਤੀ 9 ਜਨਵਰੀ ਤੋਂ 12 ਜਨਵਰੀ 2026 ਤੱਕ ਐਸੋਸੀਏਸ਼ਨ ਦੇ ਝੰਡੇ ਹੇਠ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ।