ਸਰਦੀਆਂ ’ਚ ਰੇਲ ਯਾਤਰਾ ਨੂੰ ਸੁਰੱਖਿਅਤ ਬਣਾਉਣ ਲਈ ਰਾਤਰੀ ‘ਟਰੈਕ ਪੈਟਰੋਲਿੰਗ’ ਸ਼ੁਰੂ
ਸਰਦੀਆਂ ਵਿਚ ਰੇਲ ਯਾਤਰਾ ਨੂੰ ਸੁਰੱਖਿਅਤ ਬਣਾਉਣ ਲਈ ਫ਼ਿਰੋਜ਼ਪੁਰ ਮੰਡਲ ਵੱਲੋਂ ਰਾਤਰੀ ‘ਟਰੈਕ ਪੈਟਰੋਲਿੰਗ’
Publish Date: Mon, 19 Jan 2026 03:31 PM (IST)
Updated Date: Mon, 19 Jan 2026 03:32 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸ਼ੀਤ ਰੁੱਤ, ਸੰਘਣੀ ਧੁੰਦ ਅਤੇ ਘੱਟਦੇ ਤਾਪਮਾਨ ਦੇ ਮੱਦੇਨਜ਼ਰ ਰੇਲ ਗੱਡੀਆਂ ਦੀ ਸੁਰੱਖਿਅਤ ਅਤੇ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਫ਼ਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਰੇਲਵੇ ਟਰੈਕ ਦੀ ਬਾਰੀਕੀ ਨਾਲ ਜਾਂਚ ਕਰਨ ਲਈ ਮੰਡਲ ਵੱਲੋਂ ਰਾਤਰੀ ‘ਟਰੈਕ ਪੈਟਰੋਲਿੰਗ’ (ਰਾਤ ਦੀ ਗਸ਼ਤ) ਕੀਤੀ ਜਾ ਰਹੀ ਹੈ। ਮੰਡਲ ਦੇ ਟਰੈਕਮੈਨ, ਪੈਟਰੋਲਮੈਨ ਅਤੇ ਕੀਮੈਨ ਹਰ ਰੋਜ਼ ਰਾਤ 11 ਵਜੇ ਤੋਂ ਸਵੇਰੇ 7 ਵਜੇ ਤੱਕ ਕੜਾਕੇ ਦੀ ਸਰਦੀ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਜਦੋਂ ਆਮ ਲੋਕ ਆਪਣੇ ਘਰਾਂ ਵਿਚ ਆਰਾਮ ਕਰ ਰਹੇ ਹੁੰਦੇ ਹਨ, ਉਸ ਸਮੇਂ ਇਹ ਕਰਮਚਾਰੀ 2 ਤੋਂ 3 ਡਿਗਰੀ ਤਾਪਮਾਨ ਵਿਚ ਲਗਭਗ 16 ਕਿਲੋਮੀਟਰ ਪੈਦਲ ਚੱਲ ਕੇ ਰੇਲਵੇ ਪਟੜੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹਨ। ਗਸ਼ਤ ਦੌਰਾਨ ਕਰਮਚਾਰੀਆਂ ਨੂੰ ਲੋੜੀਂਦੇ ਸੁਰੱਖਿਆ ਉਪਕਰਨ ਮੁਹੱਈਆ ਕਰਵਾਏ ਗਏ ਹਨ, ਜਿਨ੍ਹਾਂ ਵਿਚ ਟਾਰਚ ਅਤੇ ਫੌਗ ਸਿਗਨਲ, ਦੋ ਤਿੰਨ-ਰੰਗੀ ਹੈਂਡ ਸਿਗਨਲ ਲੈਂਪ, ਦੋ ਲਾਲ ਝੰਡੀਆਂ ਅਤੇ ਇਕ ਹਰੀ ਝੰਡੀ, ਸੁਰੱਖਿਆ ਕੱਪੜੇ ਅਤੇ ਸੇਫਟੀ ਜੈਕਟਾਂ ਹਨ। ਟਰੈਕ ਦੀ ਪ੍ਰਭਾਵਸ਼ਾਲੀ ਨਿਗਰਾਨੀ ਲਈ ਸਾਰੇ ਟਰੈਕਮੈਨਾਂ ਨੂੰ ਗਲੋਬਲ ਪੋਜ਼ੀਸ਼ਨਿੰਗ ਸਿਸਟਮ ਟਰੈਕਰ ਦਿੱਤੇ ਗਏ ਹਨ। ਇਸ ਨਾਲ ਰੇਲਵੇ ਅਧਿਕਾਰੀ ਕਰਮਚਾਰੀਆਂ ਦੀ ਮੌਕੇ ਦੀ ਲੋਕੇਸ਼ਨ ਅਤੇ ਉਨ੍ਹਾਂ ਦੀ ਗਸ਼ਤ ਦੀ ਗਤੀ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਰਹਿੰਦੇ ਹਨ। ਪੈਟਰੋਲਿੰਗ ਦੌਰਾਨ ਜੇਕਰ ਟਰੈਕ ਵਿਚ ਕੋਈ ਵੀ ਨੁਕਸ ਜਾਂ ਕਮੀ ਨਜ਼ਰ ਆਉਂਦੀ ਹੈ, ਤਾਂ ਕਰਮਚਾਰੀ ਤੁਰੰਤ ਆਪਣੇ ਸੁਪਰਵਾਈਜ਼ਰ ਨੂੰ ਸੂਚਿਤ ਕਰਦੇ ਹਨ। ਇਨ੍ਹਾਂ ਕਰਮਚਾਰੀਆਂ ਨੂੰ ਸੁਰੱਖਿਆ ਨਾਲ ਜੁੜੇ ਹਰ ਪਹਿਲੂ ਬਾਰੇ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਇਸ ਤੋਂ ਇਲਾਵਾ ਗਸ਼ਤ ਕਰ ਰਹੇ ਕਰਮਚਾਰੀ ਲੈਵਲ ਕਰਾਸਿੰਗ ਗੇਟਾਂ ਦੇ ਗੇਟਮੈਨਾਂ ਅਤੇ ਟਰੇਨਾਂ ਦੇ ਲੋਕੋ ਪਾਇਲਟਾਂ ਨਾਲ ‘ਆਲ ਰਾਈਟ’ ਸਿਗਨਲ ਦਾ ਆਦਾਨ-ਪ੍ਰਦਾਨ ਕਰਕੇ ਚੌਕਸੀ ਬਣਾਈ ਰੱਖਦੇ ਹਨ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਟਰੇਨਾਂ ਦੀ ਸੁਰੱਖਿਆ ਨੂੰ ਸਰਵਉੱਚ ਤਰਜੀਹ ਦਿੰਦਿਆਂ ਕਿਹਾ ਕਿ ਫ਼ਿਰੋਜ਼ਪੁਰ ਮੰਡਲ ਦੇ ਸਾਰੇ ਕਰਮਚਾਰੀ ਸੁਰੱਖਿਅਤ ਰੇਲ ਸੰਚਾਲਨ ਲਈ ਪੂਰੀ ਤਨਦੇਹੀ ਨਾਲ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਕਰਮਚਾਰੀਆਂ ਦੀ ਚੌਕਸੀ ਵਧਾਉਣ ਲਈ ਰੇਲਵੇ ਅਧਿਕਾਰੀਆਂ ਵੱਲੋਂ ਸਮੇਂ-ਸਮੇਂ ’ਤੇ ਰਾਤਰੀ ਨਿਰੀਖਣ ਵੀ ਕੀਤਾ ਜਾਂਦਾ ਹੈ।