ਨਵੇਂ ਡਾਕਟਰਾਂ ਦੀ ਕੀਤੀ ਜਾ ਰਹੀ ਹੈ ਭਰਤੀ: ਸਿਵਲ ਸਰਜਨ
ਜ਼ਿਲ੍ਹਾ ਵਾਸੀਆਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਕੀਤੀ ਜਾ ਰਹੀ ਹੈ ਨਵੇਂ ਡਾਕਟਰਾਂ ਦੀ ਭਰਤੀ: ਡਾ ਰਾਜੀਵ ਪਰਾਸ਼ਰ
Publish Date: Thu, 08 Jan 2026 04:31 PM (IST)
Updated Date: Fri, 09 Jan 2026 04:03 AM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਪੰਜਾਬ ਸਰਕਾਰ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਹੁਕਮਾਂ ਤੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵਸਨੀਕਾਂ ਨੂੰ ਉੱਚ ਪੱਧਰੀ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਭਰਤੀ ਲਈ ਅੱਜ ਦਫ਼ਤਰ ਸਿਵਲ ਸਰਜਨ ਵਿਖੇ ਇੰਟਰਵਿਊ ਕੀਤੀ ਗਈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਫਿਰੋਜਪੁਰ ਡਾ. ਰਾਜੀਵ ਪਰਾਸ਼ਰ ਨੇ ਦੱਸਿਆ ਕਿ ਇਹ ਭਰਤੀ ਲਈ ਯੋਗ ਤੇ ਚਾਹਵਾਨ ਉਮੀਦਵਾਰ ਲਈ ਅਗਲੀ ਇੰਟਰਵਿਊ 15 ਜਨਵਰੀ, 22 ਜਨਵਰੀ ਅਤੇ 29 ਜਨਵਰੀ ਨੂੰ ਹੋਵੇਗੀ। ਡਾ. ਰਾਜੀਵ ਪਰਾਸ਼ਰ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਜ਼ਿਲ੍ਹਾ ਹਸਪਤਾਲ ਅਤੇ ਸਬ ਡਵੀਜ਼ਨ ਹਸਪਤਾਲਾਂ ਵਿਖੇ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਘਾਟ ਨੂੰ ਮੁੱਖ ਰੱਖਦਿਆਂ ਹੀ ਇਹ ਭਰਤੀ ਕੀਤੀ ਜਾ ਰਹੀ ਹੈ। ਚਾਹਵਾਨ ਤੇ ਯੋਗ ਉਮੀਦਵਾਰ ਸਿਹਤ ਵਿਭਾਗ ਦੀ ਰਿਕਰੂਟ ਐੱਨਐੱਚਐੱਮ ਪੰਜਾਬ ਦੀ ਸਾਈਟ ਤੇ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਇੰਟਰਵਿਊ ਅਤੇ ਭਰਤੀ ਲਈ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਹੁਕਮਾਂ ਅਨੁਸਾਰ ਹੀ ਬੋਰਡ ਦਾ ਗਠਨ ਕੀਤਾ ਗਿਆ ਹੈ। ਇਸ ਬੋਰਡ ਵੱਲੋਂ ਇੰਟਰਵਿਊ ਤੋਂ ਬਾਅਦ ਨਾਮਜ਼ਦ ਕੀਤੇ ਗਏ ਉਮੀਦਵਾਰਾਂ ਨੂੰ ਨਿਰੋਲ ਢੰਗ ਨਾਲ ਅਤੇ ਯੋਗਤਾ ਦੇ ਆਧਾਰ ਤੇ ਭਰਤੀ ਕੀਤਾ ਜਾਏਗਾ।