ਨੈਸ਼ਨਲ ਹਾਈਵੇ–354 ਅਣਮਿੱਥੇ ਸਮੇਂ ਲਈ ਜਾਮ
ਨੈਸ਼ਨਲ ਹਾਈਵੇ–354 ਅਣਮਿੱਥੇ ਸਮੇਂ ਲਈ ਜਾਮ
Publish Date: Wed, 11 Feb 2026 06:42 PM (IST)
Updated Date: Wed, 11 Feb 2026 06:44 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲਾ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਜੋਨ ਬਾਬਾ ਰਾਮ ਲਾਲ ਦੀ ਅਗਵਾਈ ਹੇਠ ਨੈਸ਼ਨਲ ਹਾਈਵੇ–354 ’ਤੇ ਫਿਰੋਜ਼ਪੁਰ ਤੋਂ ਮਖੂ ਜਾਣ ਵਾਲੀ ਸੜਕ ਨੂੰ ਅਣਮਿੱਥੇ ਸਮੇਂ ਲਈ ਜਾਮ ਕਰ ਦਿੱਤਾ ਗਿਆ। ਇਹ ਧਰਨਾ ਪਿੰਡ ਆਮੇ ਵਾਲਾ ਵਿਖੇ ਲਗਾਇਆ ਗਿਆ, ਜਿਸ ਕਾਰਨ ਇਲਾਕੇ ਦੀ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਸੁਰਜੀਤ ਸਿੰਘ ਨੇ ਦੱਸਿਆ ਕਿ ਫਿਰੋਜ਼ਪੁਰ ਤੋਂ ਮਖੂ ਤੱਕ ਸੜਕ ਦਾ ਕੰਮ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਿਹਾ ਹੈ, ਜੋ ਕਿ ਸਾਲ 2025 ਤੱਕ ਮੁਕੰਮਲ ਹੋਣਾ ਚਾਹੀਦਾ ਸੀ। ਪਰ ਠੇਕੇਦਾਰ ਨਿਤਿਨ ਕਟਾਰੀਆ ਦੀ ਲਾਪਰਵਾਹੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਸੜਕ ਦੀ ਹਾਲਤ ਕਾਫੀ ਖ਼ਰਾਬ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੜਕ ’ਤੇ ਲਗਾਤਾਰ ਹਾਦਸੇ ਵਾਪਰ ਰਹੇ ਹਨ ਅਤੇ ਆਮ ਲੋਕਾਂ ਲਈ ਸਫ਼ਰ ਕਰਨਾ ਜਾਨ ਨੂੰ ਖ਼ਤਰੇ ਵਿਚ ਪਾਉਣ ਦੇ ਬਰਾਬਰ ਬਣ ਗਿਆ ਹੈ। ਇੰਨੀ ਗੰਭੀਰ ਸਥਿਤੀ ਹੋਣ ਦੇ ਬਾਵਜੂਦ ਵੀ ਨਾ ਤਾਂ ਪ੍ਰਸ਼ਾਸਨ ਅਤੇ ਨਾ ਹੀ ਸਬੰਧਤ ਠੇਕੇਦਾਰ ਵੱਲੋਂ ਕੋਈ ਢੰਗ ਦੀ ਕਾਰਵਾਈ ਕੀਤੀ ਗਈ ਹੈ। ਇਸ ਅਣਗਹਿਲੀ ਦੇ ਵਿਰੋਧ ਵਜੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਫਿਰੋਜ਼ਪੁਰ–ਮੱਖੂ ਰੋਡ ਨੂੰ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਕ-ਦੋ ਦਿਨਾਂ ਵਿਚ ਸੜਕ ਦਾ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਠੇਕੇਦਾਰ ਦੀ ਹੋਵੇਗੀ। ਇਸ ਮੌਕੇ ਸੁਰਜੀਤ ਸਿੰਘ, ਕੇਵਲ ਸਿੰਘ, ਅਵਤਾਰ ਸਿੰਘ ਬੱਗੇਵਾਲਾ, ਜਰਮਲ ਸਿੰਘ, ਮਨਜੀਤ ਸਿੰਘ, ਹਰਦੀਪ ਸਿੰਘ, ਕਾਰਜ ਸਿੰਘ, ਸੁਖਵਿੰਦਰ ਸਿੰਘ ਆਮੇ ਵਾਲਾ, ਤਰਨਜੀਤ ਸਿੰਘ ਸਾਬੂਆਣਾ ਸਮੇਤ ਵੱਖ-ਵੱਖ ਪਿੰਡਾਂ ਦੇ ਆਗੂ ਅਤੇ ਵੱਡੀ ਗਿਣਤੀ ਵਿਚ ਕਿਸਾਨ-ਮਜ਼ਦੂਰ ਮੌਜ਼ੂਦ ਸਨ।