ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਲੜਨਗੇ ਮਦਨ ਨਰੂਲਾ
ਨਗਰ ਕੌਂਸਲ ਗੁਰੂਹਰਸਹਾਏ ਵਾਰਡ ਨੰਬਰ 14 ਤੋਂ ਸਮਾਜ ਸੇਵੀ ਮਦਨ ਨਾਲ ਨਰੂਲਾ ਵੱਲੋਂ ਆਜ਼ਾਦ
Publish Date: Tue, 20 Jan 2026 04:18 PM (IST)
Updated Date: Tue, 20 Jan 2026 04:21 PM (IST)

ਰਵੀ ਮੌਂਗਾ, ਪੰਜਾਬੀ ਜਾਗਰਣ ਗੁਰੂਹਰਸਹਾਏ : ਨਗਰ ਕੌਂਸਲ ਗੁਰੂਹਰਸਹਾਏ ਦੀਆਂ ਹੋਣ ਵਾਲੀਆਂ ਚੋਣਾਂ ਵਿਚ ਵਾਰਡ ਨੰਬਰ 14 ਤੋਂ ਸਮਾਜ ਸੇਵੀ ਮਦਨ ਨਰੂਲਾ ਨੇ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਲੜਨ ਦਾ ਐਲਾਨ ਕੀਤਾ ਹੈ। ਮਦਨ ਨਰੂਲਾ ਨੇ ਕਿਹਾ ਕਿ ਜਿਹੜੀਆਂ ਨਗਰ ਕੌਂਸਿਲ ਨਾਲ ਸਬੰਧਤ ਜਨਤਕ ਮੰਗਾਂ ਨੂੰ ਲੈ ਕੇ ਰੇਲਵੇ ਪਾਰਕ ਵਿਚ ਧਰਨਾ ਦੇ ਰਹੇ ਹਨ ਉਨ੍ਹਾਂ ਨੂੰ ਪੂਰਾ ਕਰਵਾਉਣ ਲਈ ਐੱਮਸੀ ਦੀ ਚੋਣ ਲੜਨਾ ਅਤੇ ਜਿੱਤਣਾ ਬਹੁਤ ਹੀ ਜ਼ਰੂਰੀ ਹੈ। ਮਦਨ ਨਰੂਲਾ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਜਿੱਤ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਦੇ ਐੱਮਸੀ ਨੂੰ ਮਿਲਣ ਵਾਲੀ ਤਨਖਾਹ ਨਹੀਂ ਲੈਣਗੇ ਬਗੈਰ ਤਨਖਾਹ ਤੇ ਪਬਲਿਕ ਦੀ ਸੇਵਾ ਕਰਨਗੇ। ਇਸ ਤੋਂ ਇਲਾਵਾ ਨਗਰ ਕੌਂਸਿਲ ਗੁਰੂਹਰਸਹਾਏ ਦਾ ਨਵਾਂ ਦਫਤਰ ਕਿਸੇ ਮੁਨਾਸਿਬ ਜਗ੍ਹਾ ਉਪਰ ਬਣਾਉਣ ਦੀ ਜੀ ਤੋੜ ਕੋਸ਼ਿਸ਼ ਕਰਨਗੇ, ਉਹ ਇਸ ਮੰਗ ਨੂੰ ਲੈ ਕੇ ਕਈ ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ ਅਤੇ ਧਰਨਾ ਵੀ ਦੇ ਰਹੇ ਹਨ। ਪਬਲਿਕ ਲਾਈਬ੍ਰੇਰੀ ਗੁਰੂਹਰਸਹਾਏ ਨੂੰ ਨਗਰ ਕੌਂਸਿਲ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਉਪਰੰਤ ਲਾਈਬ੍ਰੇਰੀ ਦੀਆਂ ਬਿਲਡਿੰਗ ਉੱਪਰ ਮਾਸਟਰ ਕਿਰਪਾ ਰਾਮ ਮੈਮੋਰੀਅਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜਿਸ ਵਿਚ ਮੰਡੀ ਗੁਰੂਹਰਸਹਾਏ ਦੀ ਟ੍ਰੇਡ ਯੂਨੀਅਨ ਅਤੇ ਸੰਗਠਨ ਆਪਣੀਆਂ ਮੀਟਿੰਗਾਂ ਕਰ ਸਕਣਗੇ ਅਤੇ ਨਾਲ ਹੀ ਖਾਲੀ ਜਗ੍ਹਾ ਵਿਚ ਗੁਰੂ ਕਰਮ ਸਿੰਘ ਸੋਢੀ ਆਰਟੀਡੋਰੀਅਮ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਜਿਸ ਵਿਚ ਸਾਹਿਤਿਕ ਪ੍ਰੋਗਰਾਮ ਕਰਵਾਏ ਜਾ ਸਕਣਗੇ। ਮੋਹਨ ਕੇ ਰੋਡ ਵਾਲੀ ਹੱਡਾ ਰੋੜੀ ਨੂੰ ਵੀ ਕਿਸੇ ਮੁਨਾਸਿਬ ਜਗ੍ਹਾ ਉੱਤੇ ਸ਼ਿਫਟ ਕਰਵਾਇਆ ਜਾਏਗਾ। ਲੜਕੀਆਂ ਵਾਸਤੇ ਕਿਸੇ ਮੁਨਾਸਿਬ ਜਗ੍ਹਾ ਤੇ ਸਰਕਾਰੀ ਕਾਲਜ ਬਣਵਾਉਣ ਦੀ ਵੀ ਕੋਸ਼ਿਸ਼ ਕੀਤੀ ਜਾਵੇਗੀ। ਮਦਨ ਲਾਲ ਨਰੂਲਾ ਨੇ ਅੱਗੇ ਹੋਰ ਵੀ ਦੱਸਿਆ ਕਿ ਕਈ ਉਸਾਰੂ ਕੰਮ ਗੁਰੂਹਰਸਹਾਏ ਦੀ ਪਬਲਿਕ ਦੇ ਹਿੱਤ ਵਿੱਚ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਏਗੀ, ਉਨ੍ਹਾਂ ਨੇ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਤਾਂ ਜੋ ਉਹ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰ ਸਕਣ।