ਨੰਦੀ ਫਾਊਂਡੇਸ਼ਨ ਲੋਰੀਅਲ ਦੀ 10 ਰੋਜ਼ਾ ਕੋਸਮੋਟੋਲੋਜੀ ਟਰੇਨਿੰਗ ਸਮਾਪਤ
ਸਰਕਾਰੀ ਆਈਟੀਆਈ ਫਿਰੋਜ਼ਪੁਰ ਵਿਖੇ ਨੰਦੀ ਫਾਊਂਡੇਸ਼ਨ ਲੋਰੀਅਲ ਦੀ 10 ਰੋਜ਼ਾ ਕੋਸਮੋਟੋਲੋਜੀ ਟਰੇਨਿੰਗ
Publish Date: Tue, 06 Jan 2026 04:48 PM (IST)
Updated Date: Tue, 06 Jan 2026 04:50 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇ.) ਫਿਰੋਜ਼ਪੁਰ ਵਿਖੇ ਨੰਦੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਆਯੋਜਿਤ 10 ਰੋਜ਼ਾ ਵਿਸ਼ੇਸ਼ ਕੋਸਮੋਟੋਲੋਜੀ ਟਰੇਨਿੰਗ ਪ੍ਰੋਗਰਾਮ ਸੰਪੰਨ ਹੋਇਆ। ਇਹ ਟਰੇਨਿੰਗ ਸੰਸਥਾ ਦੇ ਪ੍ਰਿੰਸੀਪਲਸੰਜੀਵ ਕੁਮਾਰ ਕਟਾਰੀਆ ਦੀ ਸੁਚੱਜੀ ਦੇਖ-ਰੇਖ ਕਰਵਾਈ ਗਈ। ਇਹ ਪ੍ਰੋਗਰਾਮ ਨੰਦੀ ਫਾਊਂਡੇਸ਼ਨ ਦੇ ਅਧੀਨ ਪ੍ਰਸਿੱਧ ਅੰਤਰਰਾਸ਼ਟਰੀ ਕੰਪਨੀ ਲੋਰੀਅਲ ਵੱਲੋਂ ਕਰਵਾਇਆ ਗਿਆ, ਜਿਸ ਵਿਚ ਲੋਰੀਅਲ ਦੀ ਮਾਹਿਰ ਟਰੇਨਰ ਮਿਸ ਕਲਯਾਨੀ ਵਰਮਾ ਵੱਲੋਂ ਕੋਸਮੋਟੋਲੋਜੀ ਟਰੇਡ ਦੇ ਸਿਖਿਆਰਥੀਆਂ ਨੂੰ ਆਧੁਨਿਕ ਤਕਨੀਕਾਂ ਅਤੇ ਉਦਯੋਗ-ਕੇਂਦ੍ਰਿਤ ਹੁਨਰਾਂ ਦੀ ਵਿਸਥਾਰਪੂਰਵਕ ਪ੍ਰੈਕਟੀਕਲ ਸਿਖਲਾਈ ਦਿੱਤੀ ਗਈ। ਇਸ ਟਰੇਨਿੰਗ ਵਿਚ ਸੰਸਥਾ ਵਿਖੇ ਚੱਲ ਰਹੀ ਕੋਸਮੋਟੋਲੋਜੀ ਟਰੇਡ ਦੇ ਸਿਖਿਆਰਥੀਆਂ ਨੇ ਬਹੁਤ ਉਤਸ਼ਾਹ ਅਤੇ ਦਿਲਚਸਪੀ ਨਾਲ ਭਾਗ ਲਿਆ। ਟਰੇਨਿੰਗ ਦੌਰਾਨ ਸਿਖਿਆਰਥੀਆਂ ਨੂੰ ਬਿਊਟੀ, ਸਕਿਨ ਕੇਅਰ, ਹੇਅਰ ਸਟਾਈਲਿੰਗ ਅਤੇ ਆਧੁਨਿਕ ਸੈਲੂਨ ਟੂਲਜ਼ ਦੀ ਵਰਤੋਂ ਸਬੰਧੀ ਨਵੀਆਂ ਤਕਨੀਕਾਂ ਨਾਲ ਰੂਬਰੂ ਕਰਵਾਇਆ ਗਿਆ। ਸਿਖਿਆਰਥਣਾਂ ਨੇ ਪ੍ਰੈਕਟੀਕਲ ਅਭਿਆਸ ਰਾਹੀਂ ਅਸਲੀ ਕੰਮਕਾਜੀ ਮਾਹੌਲ ਵਿੱਚ ਕੰਮ ਕਰਨ ਦਾ ਅਨੁਭਵ ਹਾਸਲ ਕੀਤਾ। ਟਰੇਨਿੰਗ ਦੌਰਾਨ ਦਿਖਾਏ ਗਏ ਆਧੁਨਿਕ ਤਰੀਕਿਆਂ ਨੇ ਸਿਖਿਆਰਥਣਾਂ ਦੇ ਆਤਮ-ਵਿਸ਼ਵਾਸ ਵਿਚ ਵਾਧਾ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਸੰਜੀਵ ਕੁਮਾਰ ਕਟਾਰੀਆ ਨੇ ਕਿਹਾ ਕਿ ਅਜਿਹੇ ਟਰੇਨਿੰਗ ਪ੍ਰੋਗਰਾਮ ਸਿਖਿਆਰਥੀਆਂ ਨੂੰ ਸਿਰਫ਼ ਸਿਧਾਂਤਕ ਗਿਆਨ ਹੀ ਨਹੀਂ ਦਿੰਦੇ, ਸਗੋਂ ਉਨ੍ਹਾਂ ਨੂੰ ਮੌਜ਼ੂਦਾ ਰੁਜ਼ਗਾਰ ਬਾਜ਼ਾਰ ਦੀ ਮੰਗ ਅਨੁਸਾਰ ਤਿਆਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਡਿਪਾਰਟਮੈਂਟ ਵੱਲੋਂ ਸਿਖਿਆਰਥੀਆਂ ਨੂੰ ਉਤਸ਼ਾਹਿਤ ਕਰਨ ਅਤੇ ਹੁਨਰਮੰਦ ਬਣਾਉਣ ਲਈ ਲਗਾਤਾਰ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਟਰੇਨਿੰਗ ਦੌਰਾਨ ਸਿੱਖੀਆਂ ਗਈਆਂ ਵਿਧੀਆਂ ਸਿਖਿਆਰਥਣਾਂ ਲਈ ਭਵਿੱਖ ਵਿੱਚ ਸਵੈ-ਰੋਜ਼ਗਾਰ ਸ਼ੁਰੂ ਕਰਨ, ਆਪਣਾ ਸੈਲੂਨ ਖੋਲ੍ਹਣ ਜਾਂ ਪ੍ਰਾਈਵੇਟ ਸੈਕਟਰ ਵਿਚ ਰੁਜ਼ਗਾਰ ਹਾਸਲ ਕਰਨ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਣਗੀਆਂ। ਸੰਸਥਾ ਪ੍ਰਬੰਧਨ ਵੱਲੋਂ ਨੰਦੀ ਫਾਊਂਡੇਸ਼ਨ ਅਤੇ ਲੋਰੀਅਲ ਕੰਪਨੀ ਦਾ ਇਸ ਸਾਰਥਕ ਉਪਰਾਲੇ ਲਈ ਧੰਨਵਾਦ ਕੀਤਾ ਗਿਆ।