ਬੇਸਹਾਰਾ ਗਊਆਂ ਦੀ ਸਾਂਭ-ਸੰਭਾਲ ਲਈ 4.71 ਲੱਖ ਦਾ ਚੈੱਕ ਭੇਟ
ਨਗਰ ਪੰਚਾਇਤ ਮੁੱਦਕੀ ਵੱਲੋਂ ਬੇਸਹਾਰਾ ਗਊਆਂ ਦੀ ਸਾਂਭ-ਸੰਭਾਲ ਲਈ 4.71 ਲੱਖ ਦਾ ਚੈੱਕ ਭੇਂਟ
Publish Date: Sun, 22 Mar 2026 04:44 PM (IST)
Updated Date: Sun, 22 Mar 2026 04:46 PM (IST)

ਜਸਵੰਤ ਸਿੰਘ ਗਰੋੋਵਰ, ਪੰਜਾਬੀ ਜਾਗਰਣ ਮੁੱਦਕੀ : ਨਗਰ ਪੰਚਾਇਤ ਮੁੱਦਕੀ ਵੱਲੋਂ ਸਮਾਜ ਸੇਵਾ ਅਤੇ ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਦੇ ਮਕਸਦ ਨਾਲ ਇਕ ਅਹਿਮ ਪਹਿਲਕਦਮੀ ਕੀਤੀ ਗਈ ਹੈ। ਨਗਰ ਪੰਚਾਇਤ ਵੱਲੋਂ ਗਊ ਸੈੱਸ ਵਜੋਂ ਇਕੱਤਰ ਕੀਤੀ ਗਈ ਰਾਸ਼ੀ ਵਿੱਚੋਂ 4,71,408 ਰੁਪਏ ਦਾ ਚੈੱਕ ਸਥਾਨਕ ਗਊਸ਼ਾਲਾ ਸੇਵਾ ਸੋਸਾਇਟੀ ਨੂੰ ਸੌਂਪਿਆ ਗਿਆ ਹੈ। ਇਹ ਰਾਸ਼ੀ ਗਊਸ਼ਾਲਾ ਵਿਚ ਰਹਿ ਰਹੀਆਂ ਗਊਆਂ ਦੀ ਖੁਰਾਕ ਅਤੇ ਹੋਰ ਪ੍ਰਬੰਧਾਂ ਲਈ ਵਰਤੀ ਜਾਵੇਗੀ। ਇਸ ਮੌਕੇ ਨਗਰ ਪੰਚਾਇਤ ਮੁੱਦਕੀ ਦੇ ਪ੍ਰਧਾਨ ਗੁਰਜੀਤ ਕੌਰ ਬਰਾੜ ਦੇ ਪਤੀ ਅਤੇ ਮਾਰਕੀਟ ਕਮੇਟੀ ਤਲਵੰਡੀ ਭਾਈ ਦੇ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਕਾਕਾ ਬਰਾੜ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਦੇ ਨਾਲ ਐੱਮਸੀ ਰੈਂਪੀ ਘਾਲੀ ਦੇ ਪਤੀ ਅਤੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫਿਰੋਜ਼ਪੁਰ ਦੇ ਸੀਨੀਅਰ ਮੀਤ ਪ੍ਰਧਾਨ ਜਤਿੰਦਰ ਸਿੰਘ ਘਾਲੀ ਵੀ ਮੌਜ਼ੂਦ ਸਨ। ਇਨ੍ਹਾਂ ਆਗੂਆਂ ਗਊਸ਼ਾਲਾ ਸੇਵਾ ਸੋਸਾਇਟੀ ਮੁੱਦਕੀ ਦੇ ਪ੍ਰਧਾਨ ਰਵਿੰਦਰ ਕੁਮਾਰ ਕਰਗ ਅਤੇ ਖਜ਼ਾਨਚੀ ਸਤੀਸ਼ ਕੁਮਾਰ ਅਗਰਵਾਲ ਨੂੰ ਚੈੱਕ ਪ੍ਰਦਾਨ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਕਾਕਾ ਬਰਾੜ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਗਊ ਸੈੱਸ ਅਧੀਨ ਨਗਰ ਪੰਚਾਇਤ ਮੁੱਦਕੀ ਨੂੰ ਹੁਣ ਤੱਕ ਕੁੱਲ 8 ਲੱਖ ਰੁਪਏ ਦੇ ਕਰੀਬ ਰਾਸ਼ੀ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਕੁੱਲ ਰਾਸ਼ੀ ਵਿੱਚੋਂ ਪਹਿਲੀ ਕਿਸ਼ਤ ਵਜੋਂ 4,71,408 ਰੁਪਏ ਜਾਰੀ ਕਰ ਦਿੱਤੇ ਗਏ ਹਨ। ਬਾਕੀ ਰਹਿੰਦੀ ਰਕਮ ਵੀ ਬਹੁਤ ਜਲਦ ਦੂਜੀ ਕਿਸ਼ਤ ਵਜੋਂ ਗਊਸ਼ਾਲਾ ਨੂੰ ਸੌਂਪ ਦਿੱਤੀ ਜਾਵੇਗੀ ਤਾਂ ਜੋ ਪ੍ਰਬੰਧਾਂ ਵਿਚ ਕੋਈ ਦਿੱਕਤ ਨਾ ਆਵੇ। ਗਊਸ਼ਾਲਾ ਪ੍ਰਬੰਧਕਾਂ ਨੇ ਨਗਰ ਪੰਚਾਇਤ ਦੇ ਇਸ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀ ਮੱਦਦ ਨਾਲ ਬੇਸਹਾਰਾ ਗਊਆਂ ਦੇ ਚਾਰੇ ਅਤੇ ਰਹਿਣ-ਸਹਿਣ ਦੇ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇਗਾ। ਉਨ੍ਹਾਂ ਆਖਿਆ ਕਿ ਸਮਾਜ ਅਤੇ ਪ੍ਰਸ਼ਾਸਨ ਦੇ ਸਾਂਝੇ ਯਤਨਾਂ ਨਾਲ ਹੀ ਅਸੀਂ ਸੜਕਾਂ ’ਤੇ ਘੁੰਮ ਰਹੇ ਪਸ਼ੂਆਂ ਨੂੰ ਸੁਰੱਖਿਅਤ ਛੱਤ ਮੁਹੱਈਆ ਕਰਵਾ ਸਕਦੇ ਹਾਂ। ਇਸ ਮੌਕੇ ਸ਼ਹਿਰ ਦੀਆਂ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਅਤੇ ਪਤਵੰਤੇ ਸੱਜਣ ਵੀ ਹਾਜ਼ਰ ਸਨ।