ਰਿਕਵਰੀ ਦੌਰਾਨ ਸ਼ੂਟਰ ਨੇ ਪੁਲਿਸ ’ਤੇ ਚਲਾਈਆਂ ਗੋਲੀਆਂ, ਜਵਾਬੀ ਫਾਇਰ ’ਚ ਜ਼ਖ਼ਮੀ
ਪੁਲਿਸ ਹਿਰਾਸਤ ’ਚੋਂ ਫ਼ਰਾਰ ਹੋਣ ਦੀ ਕੋਸ਼ਿਸ਼ ’ਚ ਸ਼ੂਟਰ ਜਖ਼ਮੀ
Publish Date: Mon, 08 Jun 2026 06:13 PM (IST)
Updated Date: Mon, 08 Jun 2026 06:14 PM (IST)

ਪੰਜਾਬੀ ਜਾਗਰਣ ਟੀਮ, ਮੱਖੂ/ਜ਼ੀਰਾ/ਫਿਰੋਜ਼ਪੁਰ : ਮੱਖੂ ਦੇ ਵਪਾਰੀ ਗੁਰਚਰਨ ਸਿੰਘ ‘ਕਾਲਾ ਗਾਬਾ’ ਦੇ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਮੁੱਖ ਸ਼ੂਟਰ ਵਿਸ਼ਨੂੰ ਠਾਕੁਰ ਨੇ ਹਥਿਆਰ ਬਰਾਮਦਗੀ ਦੌਰਾਨ ਪੁਲਿਸ ਪਾਰਟੀ ’ਤੇ ਹੀ ਗੋਲੀਆਂ ਚਲਾ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ, ਪਰ ਥਾਣਾ ਮਖੂ ਪੁਲਿਸ ਦੀ ਮੁਸਤੈਦੀ ਨੇ ਉਸ ਦੀ ਚਾਲ ਨਾਕਾਮ ਕਰ ਦਿੱਤੀ। ਜਵਾਬੀ ਕਾਰਵਾਈ ਦੌਰਾਨ ਵਿਸ਼ਨੂੰ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਕਾਬੂ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਥਾਣਾ ਮਖੂ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਮੁਲਜ਼ਮ ਵਿਸ਼ਨੂੰ ਕੁਮਾਰ ਵਾਸੀ ਰੂਪਬਾਸ, ਭਰਤਪੁਰ (ਰਾਜਸਥਾਨ) ਨੂੰ ਉਸ ਦੀ ਨਿਸ਼ਾਨਦੇਹੀ ’ਤੇ ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਬਰਾਮਦ ਕਰਨ ਲਈ ਰਾਜਸਥਾਨ ਫੀਡਰ ਨਹਿਰ ਦੇ ਨੇੜੇ ਲੈ ਕੇ ਗਈ ਸੀ। ਪੁਲਿਸ ਨੂੰ ਉਮੀਦ ਸੀ ਕਿ ਰਿਕਵਰੀ ਤੋਂ ਬਾਅਦ ਕਤਲ ਕਾਂਡ ਨਾਲ ਜੁੜੇ ਹੋਰ ਅਹਿਮ ਸੁਰਾਗ ਮਿਲਣਗੇ, ਪਰ ਮੌਕੇ ’ਤੇ ਪਹੁੰਚਦੇ ਹੀ ਵਿਸ਼ਨੂੰ ਨੇ ਲੁਕਾ ਕੇ ਰੱਖਿਆ .30 ਬੋਰ ਦਾ ਪਿਸਤੌਲ ਕੱਢ ਲਿਆ ਅਤੇ ਪੁਲਿਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ। ਸੂਤਰਾਂ ਮੁਤਾਬਕ ਮੁਲਜ਼ਮ ਨੇ ਦੋ ਗੋਲੀਆਂ ਚਲਾਈਆਂ ਅਤੇ ਮੌਕੇ ਦਾ ਫਾਇਦਾ ਉਠਾ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇੰਸਪੈਕਟਰ ਗੁਰਮੀਤ ਸਿੰਘ ਨੇ ਆਪਣੀ ਅਤੇ ਸਾਥੀ ਪੁਲਿਸ ਕਰਮਚਾਰੀਆਂ ਦੀ ਜਾਨ ਬਚਾਉਂਦਿਆਂ ਜਵਾਬੀ ਫਾਇਰ ਕੀਤਾ। ਪੁਲਿਸ ਦੀ ਇੱਕ ਗੋਲੀ ਵਿਸ਼ਨੂੰ ਦੀ ਲੱਤ ਵਿੱਚ ਲੱਗੀ, ਜਿਸ ਕਾਰਨ ਉਹ ਮੌਕੇ ’ਤੇ ਹੀ ਡਿੱਗ ਪਿਆ ਅਤੇ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਮੌਕੇ ਤੋਂ ਇੱਕ .30 ਬੋਰ ਬਰੇਟਾ ਪਿਸਤੌਲ ਅਤੇ ਪੰਜ ਖਾਲੀ ਖੋਲ ਬਰਾਮਦ ਕੀਤੇ ਗਏ ਹਨ। ਜ਼ਖ਼ਮੀ ਮੁਲਜ਼ਮ ਨੂੰ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਦਾਖ਼ਲ ਕਰਵਾਇਆ ਗਿਆ ਹੈ, ਜਦਕਿ ਉਸ ਖ਼ਿਲਾਫ਼ ਪੁਲਿਸ ’ਤੇ ਕਾਤਲਾਨਾ ਹਮਲਾ ਕਰਨ, ਗੈਰ-ਕਾਨੂੰਨੀ ਹਥਿਆਰ ਰੱਖਣ ਅਤੇ ਹੋਰ ਧਾਰਾਵਾਂ ਤਹਿਤ ਨਵਾਂ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਵਿਸ਼ਨੂੰ ਠਾਕੁਰ ਉਹੀ ਸ਼ੂਟਰ ਹੈ, ਜਿਸ ਨੂੰ ਏਜੀਟੀਐੱਫ ਅਤੇ ਫਿਰੋਜ਼ਪੁਰ ਪੁਲਿਸ ਨੇ ਜੰਮੂ-ਕਸ਼ਮੀਰ ਤੋਂ ਚਲਾਏ ਗਏ ‘ਆਪ੍ਰੇਸ਼ਨ ਹਿੱਲ ਟਰੈਪ’ ਤਹਿਤ ਗ੍ਰਿਫ਼ਤਾਰ ਕੀਤਾ ਸੀ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਤਲ ਤੋਂ ਪਹਿਲਾਂ ਸ਼ੂਟਰਾਂ ਨੇ ਕਈ ਦਿਨ ਮਖੂ ਵਿੱਚ ਰੈਕੀ ਕੀਤੀ ਸੀ। ਹੁਣ ਪੁਲਿਸ ਦੀ ਜਾਂਚ ਇਸ ਗੱਲ ’ਤੇ ਕੇਂਦਰਿਤ ਹੈ ਕਿ ਕਤਲ ਦੀ ਸਾਜ਼ਿਸ਼ ਕਿਸ ਨੇ ਰਚੀ, ਫੰਡਿੰਗ ਕਿੱਥੋਂ ਹੋਈ ਅਤੇ ਇਸ ਦੇ ਪਿੱਛੇ ਅਸਲ ਮਾਸਟਰਮਾਈਂਡ ਕੌਣ ਹੈ।