ਸਾਂਸਦ ਘੁਬਾਇਆ ਤੇ ਸਾਬਕਾ ਵਿਧਾਇਕ ਨੇ ਸੁਣਿਆ ਛਾਉਣੀ ਵਾਸੀਆਂ ਦਾ ਦਰਦ
ਸਾਂਸਦ ਸ਼ੇਰ ਸਿੰਘ ਘੁਬਾਇਆ ਅਤੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸੁਣਿਆਂ ਫਿਰੋਜ਼ਪੁਰ ਛਾਉਣੀ ਵਾਸੀਆਂ ਦਾ ਦਰਦ
Publish Date: Sun, 15 Feb 2026 05:08 PM (IST)
Updated Date: Sun, 15 Feb 2026 05:09 PM (IST)

ਅੰਗਰੇਜ ਭੁੱਲਰ,ਪੰਜਾਬੀ ਜਾਗਰਣ ਫਿਰੋਜ਼ਪੁਰ : ਆਜ਼ਾਦੀ ਦੇ 79 ਸਾਲਾਂ ਬਾਅਦ ਵੀ 1836 ਦੇ ਬ੍ਰਿਟਿਸ਼ ਰਾਜ ਅਧੀਨ ਜਿੰਦਗੀ ਬਸਰ ਕਰ ਰਹੇ ਫਿਰੋਜ਼ਪੁਰ ਛਾਉਣੀ ਇਲਾਕੇ ਦੇ ਲੋਕਾਂ ਦੀ ਮੁਸੀਬਤ ਇਹ ਹੈ ਕਿ ਰਿਹਾਇਸ਼ੀ ਘਰਾਂ ’ਤੇ 10 ਅਤੇ ਕਮਰਸ਼ੀਅਲ ਜਾਇਦਾਦਾਂ ’ਤੇ 15 ਟੈਕਸ ਵਾਧੇ ਨੇ ਪਹਿਲਾਂ ਹੀ ਮਹਿੰਗਾਈ ’ਚ ਜਿੰਦਗੀ ਜੀ ਰਹੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਆਲਮ ਇਹ ਹੈ ਕਿ ਫਿਰੋਜ਼ਪੁਰ ਛਾਉਣੀ ਵਾਸੀ ਬੜੀ ਬੇਬਸੀ ਅਤੇ ਨਾਰਾਜ਼ਗੀ ਦੇ ਆਲਮ ਵਿਚ ਹਨ। ਅਜਿਹੇ ਮੌਕੇ ਫਿਰੋਜ਼ਪੁਰ ਦੇ ਸਾਂਸਦ ਸ਼ੇਰ ਸਿੰਘ ਘੁਬਾਇਆ ਅਤੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਛਾਉਣੀ ਵਾਸੀਆਂ ਦੇ ਹਾਲ ਚਾਲ ਪੁੱਛਣ ਲਈ ਕੈਂਟ ਬਜ਼ਾਰ ਵਿਚ ਪਹੁੰਚੇ। ਇਸ ਮੋਕੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਕੈਂਟਨਮੈਂਟ ਬੋਰਡ ਫਿਰੋਜ਼ਪੁਰ ਛਾਉਣੀ ਵੱਲੋ ਵਧੀਆਂ ਟੈਕਸ ਦਰਾਂ ਅਤੇ ਅਧਿਕਾਰੀਆਂ ਦੀ ਮਨਮਾਨੀ ਦੇ ਖਿਲਾਫ਼ ਛਾਉਣੀ ਅੰਦਰ ਲੋਕਾਂ ਦਾ ਗੁੱਸਾ ਚਰਮ ਸੀਮਾ ‘ਤੇ ਹੈ । ਇਸ ਮਸਲੇ ‘ਤੇ ਲੋਕਾਂ ਦਾ ਦੁੱਖ-ਦਰਦ ਸੁਣਨ ਲਈ ਪਹੁੰਚੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਅਤੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਛਾਉਣੀ ਪਹੁੰਚੇ, ਜਿੱਥੇ ਪੀੜਤ ਪਰਿਵਾਰਾਂ ਅਤੇ ਵਪਾਰੀਆਂ ਨੇ ਭਰੇ ਮਨ ਨਾਲ ਉਨ੍ਹਾਂ ਨੂੰ ਆਪਣੀਆਂ ਮੁਸ਼ਕਿਲਾਂ ਸਬੰਧੀ ਜਾਣੂ ਕਰਵਾਇਆ । ਉਨ੍ਹਾਂ ਦੱਸਿਆ ਕਿ ਛਾਉਣੀ ਵਾਸੀਆਂ ਨੂੰ ਕਈ ਸਾਲਾਂ ਤੋਂ ਰਹਿੰਦੇ ਹੋਏ ਵੀ ਮਾਲਕੀ ਹੱਕ ਨਹੀਂ ਮਿਲੇ ਅਤੇ ਉਪਰੋਂ ਹਰ ਕੁਝ ਸਮੇਂ ਬਾਅਦ ਟੈਕਸਾਂ ਦੀ ਮਾਰ ਝੱਲਣੀ ਪੈਂਦੀ ਹੈ। ਡੇਲੀ ਵੇਜਿਜ਼ ਅਧਾਰ ‘ਤੇ ਸੇਵਾ ਕਰ ਰਹੇ ਕਰਮਚਾਰੀਆਂ ਨੂੰ ਨਿਗੁਣੀਆਂ ਤਨਖਾਹਾਂ ਦੇ ਕੇ ਸ਼ੋਸ਼ਣ ਕੀਤੇ ਜਾਣ ਜਿਹੇ ਲੋਕ ਦਰਦ ਸੁਣ ਜਜ਼ਬਾਤੀ ਹੋਏ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਅਸੀਂ ਹੁਣ ਚੁੱਪ ਨਹੀਂ ਬੈਠਾਂਗੇ, ਲੋੜ ਪਈ ਤਾਂ ਸੜਕਾਂ ’ਤੇ ਸੰਘਰਸ਼ ਵੀ ਕਰਾਂਗੇ। ਇਸ ਮੌਕੇ ਰਿੰਕੂ ਗਰੋਵਰ, ਬਲਬੀਰ ਬਾਠ, ਸੁਖਵਿੰਦਰ ਅਟਾਰੀ ਆਦਿ ਕਾਂਗਰਸੀ ਆਗੂ ਵੀ ਉਨ੍ਹਾਂ ਦੇ ਨਾਲ ਸਨ। ਸਾਬਕਾ ਵਿਧਾਇਕ ਪਿੰਕੀ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਹ ਵਾਧਾ ਲੋਕ-ਵਿਰੋਧੀ ਹੈ ਅਤੇ ਆਮ ਜਨਤਾ ਨਾਲ ਸਿੱਧੀ ਧੱਕੇਸ਼ਾਹੀ ਹੈ। ਉਨਾਂ ਨੇ ਭਾਜਪਾ ਦੇ ਆਗੂਆਂ ਨੂੰ ਵੀ ਅਣਦੇਖੀ ਅਤੇ ਲਾਪਰਵਾਹੀ ਵਰਤਣ ’ਤੇ ਰੱਜ ਕੇ ਕੋਸਿਆ। ਪਿੰਕੀ ਨੇ ਲੋਕਾਂ ਨੂੰ ਹੌਸਲਾ ਦਿੰਦਿਆਂ ਤੇ ਨਾਲ ਖੜ੍ਹਨ ਦਾ ਵਿਸ਼ਵਾਸ਼ ਦੁਵਾਓਂਦਿਆਂ ਦਾਅਵਾ ਕੀਤਾ ਕਿ ਲੋੜ ਪਈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕਰਕੇ ਅੰਗਰੇਜ਼ੀ ਦੌਰ ਦੇ ਕਾਨੂੰਨਾਂ ਵਿੱਚ ਸੋਧ ਕਰਵਾਈ ਜਾਵੇਗੀ ਤਾਂ ਜੋ ਛਾਉਣੀ ਵਾਸੀਆਂ ਨੂੰ ਆਪਣੇ ਘਰਾਂ ਅਤੇ ਕਮਰਸ਼ੀਅਲ ਜਾਇਦਾਦਾਂ ਦੇ ਮਾਲਕੀ ਹੱਕ ਮਿਲ ਸਕਣ। ਪਾਰਲੀਮੈਂਟ ’ਚ ਚੁੱਕਿਆ ਜਾਵੇਗਾ ਮੁੱਦਾ : ਘਬਾਇਆ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਪੀੜ੍ਹਤ ਲੋਕਾਂ ਨੂੰ ਭਰੋਸਾ ਦਵਾਇਆ ਕਿ ਇਹ ਮਾਮਲਾ ਪਾਰਲੀਮੈਂਟ ਵਿੱਚ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵਾਧੂ ਟੈਕਸ ਖਤਮ ਕਰਵਾਉਣ ਅਤੇ ਮਾਲਕੀ ਹੱਕਾਂ ਦੇ ਮਸਲੇ ਦਾ ਸੁਖਾਵਾਂ ਹੱਲ ਕੱਢਣ ਲਈ ਸਰਕਾਰ ‘ਤੇ ਦਬਾਅ ਬਣਾਇਆ ਜਾਵੇਗਾ । ਮੌਕੇ ‘ਤੇ ਹੀ ਉਨ੍ਹਾਂ ਨੇ ਕੈਂਟ ਬੋਰਡ ਦੇ ਉੱਚ ਅਧਿਕਾਰੀ ਨਾਲ ਫੋਨ ‘ਤੇ ਗੱਲ ਕਰਦਿਆਂ ਲੋਕ ਮਾਰੂ ਫੈਸਲੇ ਨੂੰ ਰੱਦ ਕਰਨ ’ਤੇ ਜ਼ੋਰ ਦਿੱਤਾ। ਪਿੰਕੀ ਅਤੇ ਘਬਾਇਆ ਨੇ ਕਿਹਾ ਕਿ ਜੇਕਰ ਟੈਕਸ ਵਾਧਾ ਤੁਰੰਤ ਵਾਪਸ ਨਾ ਲਿਆ ਗਿਆ ਤਾਂ ਵੱਡਾ ਜਨ ਆੰਦੋਲਨ ਵੀ ਖੜ੍ਹਾ ਹੋ ਸਕਦਾ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਜੇ ਗੁਪਤਾ, ਰੂਪ ਨਰਾਇਣ, ਡਾਕਟਰ ਬੇਅੰਤ ਸਿਕਰੀ, ਆਯੁਸ਼ ਗੁਪਤਾ, ਅਜੇ ਤਾਇਲ, ਰਾਜ ਕੁਮਾਰ ਜੈਨ, ਵਿਵੇਕ ਜੈਨ, ਸਤੀਸ਼ ਸ਼ਰਮਾ, ਰਾਜਾ, ਨਿਤੀਸ਼ ਤਾਇਲ, ਅਮਨ ਕੁਮਾਰ, ਵਿਲਸਨ, ਸ਼ਾਮ ਸੁੰਦਰ, ਸਿੰਗਲਾ, ਬਿੱਟੂ, ਸੁਸ਼ੀਲ ਮਿੱਤਲ, ਅਰੁਣ ਸੋਨੀ, ਚੰਦਨ ਕੁਮਾਰ ਆਦਿ ਵੱਡੀ ਗਿਣਤੀ ਚ ਛਾਉਣੀ ਵਾਸੀ ਹਾਜ਼ਰ ਸਨ।