ਥਾਣਿਆਂ ਤੋਂ ਨਹੀਂ ਮਿਲਿਆ ਇਨਸਾਫ਼, ਐੱਸਐੱਸਪੀ ਨੂੰ ਭੇਜੀ ਸ਼ਿਕਾਇਤ
ਪੁਲਿਸ ਤੋਂ ਨਹੀਂ ਮਿਲਿਆ ਇਨਸਾਫ ਥਾਣਿਆਂ ਦੇ ਚੱਕਰ ਖਾ ਖਾ ਅੱਕੀਆਂ ਮਾਵਾਂ ਧੀਆਂ
Publish Date: Fri, 23 Jan 2026 05:54 PM (IST)
Updated Date: Fri, 23 Jan 2026 05:57 PM (IST)

ਗੁਰੂਹਰਸਹਾਏ : ਇਕ ਪਾਸੇ ਆਮ ਆਦਮੀ ਪਾਰਟੀ ਦੀ ਰਾਜ ਵਾਲੀ ਪੰਜਾਬ ਸਰਕਾਰ ਇਨਸਾਫ ਦੇਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ, ਜ਼ਿਲ੍ਹਾ ਫਿਰੋਜ਼ਪੁਰ ਵਿਚ ਇਨ੍ਹਾਂ ਦਾਅਵਿਆਂ ਦੀ ਫੂਕ ਨਿਕਲੀ ਪਈ ਹੈ। ਅਜਿਹੀ ਹੀ ਇਕ ਘਟਨਾ ਫੂਲਾ ਰਾਏ ਤੋ ਸਾਹਮਣੇ ਇਹ ਆਈ ਹੈ, ਉਕਤ ਪਿੰਡ ਦੀਆਂ ਚੋਰੀ ਤੋਂ ਪੀੜਤ ਮਾਵਾਂ-ਧੀਆਂ ਥਾਣਿਆਂ ਦੇ ਚੱਕਰ ਮਾਰ ਮਾਰ ਅੱਕ ਚੁੱਕੀਆਂ ਹਨ। ਨੌ ਮਹੀਨੇ ਬਾਅਦ ਵੀ ਇਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ ਹੈ। ਹੁਣ ਇਨਸਾਫ ਪਾਉਣ ਲਈ ਸੁਰਜੀਤ ਕੌਰ ਵਾਸੀ ਪਿੰਡ ਬੋਲਾ ਰਾਏ ਉਤਾੜ ਨੇ ਐੱਸਸੀ ਕਮਿਸ਼ਨਰ ਜਸਵੀਰ ਸਿੰਘ ਨੂੰ ਲਿਖਤ ਸ਼ਿਕਾਇਤ ਪੱਤਰ ਭੇਜ ਕੇ ਇਨਸਾਫ ਦੀ ਮੰਗ ਕੀਤੀ ਹੈ। ਐੱਸਸੀ ਕਮਿਸ਼ਨਰ ਨੂੰ ਭੇਜੇ ਸ਼ਿਕਾਇਤ ਪੱਤਰ ਵਿਚ ਪੀੜਤ ਸੁਰਜੀਤ ਕੌਰ ਨੇ ਦੱਸਿਆ ਕਿ ਇਕ ਅਪ੍ਰੈਲ 2025 ਨੂੰ ਕੁਝ ਵਿਅਕਤੀ ਸਾਡੇ ਘਰ ਵਿੱਚੋਂ ਮੇਰੀ ਮੋਪੇਡ ਚੋਰੀ ਕਰਕੇ ਲੈ ਗਏ, ਜਿਸ ਦੀ ਡਿੱਗੀ ਵਿਚ 1600 ਦੀ ਨਕਦੀ ਅਤੇ ਜ਼ਰੂਰੀ ਕਾਗਜ਼ਾਤ ਵੀ ਸਨ। ਸੁਰਜੀਤ ਕੌਰ ਨੇ ਦੱਸਿਆ ਕਿ ਉਕਤ ਚੋਰੀ ਦੇ ਸਬੰਧ ਵਿਚ ਅਸੀਂ ਥਾਣਾ ਗੁਰੂਹਰਸਹਾਏ ਅਤੇ ਥਾਣਾ ਮਮਦੋਟ ਵਿਖੇ ਦਰਖਾਸਤਾਂ ਵੀ ਦਿੱਤੀਆਂ ਅਤੇ ਚੋਰੀ ਕਰਨ ਵਾਲਿਆਂ ਦੀ ਪਛਾਣ ਪਿੰਡ ਵਿਚ ਦੱਸਿਆ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਜਦਕਿ ਸਾਡੀ ਮੋਪਡ ਨੂੰ ਸ਼ਰੇਆਮ ਚਲਾਇਆ ਜਾ ਰਿਹਾ ਹੈ। ਪੀੜਤ ਪਰਿਵਾਰ ਨੇ ਐੱਸਸੀ ਕਮਿਸ਼ਨਰ ਜਸਵੀਰ ਸਿੰਘ ਮੰਗ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਇਨਸਾਫ ਦੇਣ ਦੇ ਨਾਲ ਨਾਲ ਇਸ ਕੇਸ ਨਾਲ ਜੂੜੇ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਵੀ ਜਵਾਬਦੇਹੀ ਬਣਾਇਆ ਜਾਵੇ।