ਮੋਗਾ-ਜ਼ੀਰਾ ਰਾਤ ਬੱਸ ਸੇਵਾ ਮੁੜ ਸ਼ੁਰੂ, ਜ਼ੀਰਾ ਵਾਸੀਆਂ ਨੂੰ ਵੱਡੀ ਰਾਹਤ
ਮੋਗਾ-ਜ਼ੀਰਾ ਰਾਤ ਬੱਸ ਸੇਵਾ ਮੁੜ ਸ਼ੁਰੂ, ਜ਼ੀਰਾ ਵਾਸੀਆਂ ਨੂੰ ਵੱਡੀ ਰਾਹਤ
Publish Date: Tue, 17 Mar 2026 03:55 PM (IST)
Updated Date: Tue, 17 Mar 2026 03:58 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਮੋਗਾ ਤੋਂ ਜ਼ੀਰਾ ਆਉਣ ਵਾਲੀ ਰਾਤ 8 ਵਜੇ ਦੀ ਬੱਸ ਸੇਵਾ ਪਿਛਲੇ ਕਾਫ਼ੀ ਸਮੇਂ ਤੋਂ ਬੰਦ ਹੋਣ ਕਾਰਨ ਆਮ ਲੋਕਾਂ ਅਤੇ ਵਪਾਰੀ ਵਰਗ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਦੂਰ-ਦੁਰਾਡੇ ਇਲਾਕਿਆਂ ਤੋਂ ਮੋਗਾ ਪਹੁੰਚਣ ਵਾਲੇ ਯਾਤਰੀਆਂ ਨੂੰ ਜ਼ੀਰਾ ਵਾਪਸ ਆਉਣ ਲਈ ਖੱਜਲ-ਖੁਆਰੀ ਝੱਲਣੀ ਪੈਂਦੀ ਸੀ, ਜਿਸ ਨਾਲ ਸਮੇਂ ਅਤੇ ਆਰਥਿਕ ਨੁਕਸਾਨ ਹੋ ਰਿਹਾ ਸੀ। ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ੀਰਾ ਦੀਆਂ ਵੱਖ-ਵੱਖ ਯੂਨੀਅਨਾਂ ਨੇ ਇਕੱਠੇ ਹੋ ਕੇ ਜਿਨ੍ਹਾਂ ਵਿਚ ਮਨਿਆਰੀ ਯੂਨੀਅਨ ਦੇ ਪ੍ਰਧਾਨ ਵਿਜੇ ਧਵਨ, ਕਰਿਆਨਾ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਭਾਟੀਆ, ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਰਾਜੇਸ਼ ਢੰਡ, ਕੱਪੜਾ ਯੂਨੀਅਨ ਦੇ ਪ੍ਰਧਾਨ ਸੁਖਦੇਵ ਰਾਜ, ਰੈਡੀਮੇਡ ਯੂਨੀਅਨ ਦੇ ਪ੍ਰਧਾਨ ਲੱਕੀ ਮੈਣੀ ਅਤੇ ਪੈਨਸ਼ਨਰਜ਼ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਸਮੇਤ ਸ਼ਹਿਰ ਵਾਸੀਆਂ ਨੇ ਹਲਕਾ ਵਿਧਾਇਕ ਨਰੇਸ਼ ਕਟਾਰੀਆ ਕੋਲ ਬੱਸ ਸੇਵਾ ਮੁੜ ਚਾਲੂ ਕਰਨ ਦੀ ਮੰਗ ਰੱਖੀ। ਵਿਧਾਇਕ ਨਰੇਸ਼ ਕਟਾਰੀਆ ਨੇ ਲੋਕਾਂ ਦੀ ਪ੍ਰੇਸ਼ਾਨੀ ਨੂੰ ਸਮਝਦਿਆਂ ਤੁਰੰਤ ਕਾਰਵਾਈ ਕੀਤੀ ਅਤੇ ਬੰਦ ਪਈ ਰਾਤਰੀ ਬੱਸ ਸੇਵਾ ਨੂੰ ਮੁੜ ਸ਼ੁਰੂ ਕਰਵਾ ਦਿੱਤਾ। ਇਸ ਫੈਸਲੇ ਨਾਲ ਸ਼ਹਿਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਯੂਨੀਅਨਾਂ ਦੇ ਆਗੂਆਂ ਅਤੇ ਸ਼ਹਿਰ ਵਾਸੀਆਂ ਨੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਵਿਧਾਇਕ ਨਰੇਸ਼ ਕਟਾਰੀਆ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਵੀ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਇਸੇ ਤਰ੍ਹਾਂ ਤਰਜੀਹ ਦਿੱਤੀ ਜਾਵੇਗੀ।