ਪੈਸਾ ਕਮਾਉਣ ਵੇਲੇ ਗੁਜਰਾਤ ਅਤੇ ਸ਼ਹਾਦਤਾਂ ਮੌਕੇ ਪੰਜਾਬ ਨੂੰ ਅੱਗੇ ਕਰਨਾ ਮੋਦੀ ਸਰਕਾਰ ਦੀ ਘਟੀਆ ਸੋਚ

ਪਰਮਿੰਦਰ ਸਿੰਘ ਥਿੰਦ ,ਪੰਜਾਬੀ ਜਾਗਰਣ, ਫਿਰੋਜ਼ਪੁਰ : ਜਦੋਂ ਵਾਹਘਾ ਬਾਰਡਰ ਰਾਹੀਂ ਪਾਕਿਸਤਾਨ ਨਾਲ ਵਪਾਰ ਹੁੰਦਾ ਸੀ ਤਾਂ ਪੰਜਾਬ ਤੋਂ ਫਲ, ਸਬਜ਼ੀਆਂ, ਖੇਡਾਂ ਦਾ ਸਾਮਾਨ ਆਦਿ ਪਾਕਿਸਤਾਨ ਜਾਂਦਾ ਸੀ ਅਤੇ ਪਾਕਿਸਤਾਨ ਤੋਂ ਨਮਕ, ਸੀਮੇਂਟ ਆਦਿ ਭਾਰਤ ਆਉਂਦਾ ਸੀ, ਜਿਸ ਨਾਲ ਭਾਰਤ-ਪਾਕਿ ਦਾ ਕਰੀਬ 3300 ਕਰੋੜ ਦਾ ਵਪਾਰ ਪੰਜਾਬ ਦੀ ਸਰਹੱਦ ਰਾਹੀਂ ਹੁੰਦਾ ਸੀ। ਪਰ ਪਹਿਲਗਾਮ ਹਮਲੇ ਤੋਂ ਬਾਅਦ ਮੋਦੀ ਸਰਕਾਰ ਨੇ ਪੰਜਾਬ ਦੇ ਵਾਹਘਾ ਰਾਹੀਂ ਹੁੰਦੇ ਵਪਾਰ ਨੂੰ ਤਾਂ ਬੰਦ ਕਰ ਦਿੱਤਾ ਪਰ ਅਡਾਨੀ ਦੀ ਗੁਜਰਾਤ ਸਥਿੱਤ ਬੰਦਰਗਾਹ ਰਾਹੀਂ ਸਵਾ ਤਿੰਨ ਲੱਖ ਕਰੋੜ ਦਾ ਵਪਾਰ ਹੋ ਰਿਹਾ ਹੈ। ਇਹ ਪ੍ਰਗਟਾਵਾ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਸਾਂਸਦ ਜਸਬੀਰ ਸਿੰਘ ‘ਡਿੰਪਾ’ ਗਿੱਲ ਨੇ ਫਿਰੋਜ਼ਪੁਰ ਦੇ ਕਾਂਗਰਸ ਭਵਨ ਵਿਖੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਆਖਿਆ ਕਿ ਜਦੋਂ ਦੇਸ਼ ਲਈ ਸ਼ਹਾਦਤਾਂ ਦੇਣ ਦਾ ਸਮਾਂ ਆਉਂਦਾ ਹੈ ਤਾਂ ਪੰਜਾਬ ਨੂੰ ਅੱਗੇ ਕਰ ਦਿੱਤਾ ਜਾਂਦਾ ਹੈ ਪਰ ਜਦੋਂ ਪੈਸਾ ਕਮਾਉਣਾ ਹੁੰਦਾ ਹੈ ਤਾਂ ਗੁਜਰਾਤ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ ਜਿਸ ਤੋਂ ਸਪੱਸ਼ਟ ਹੈ ਕਿ ਮੋਦੀ ਸਰਕਾਰ ਪੰਜਾਬ, ਪੰਜਾਬੀਅਤ, ਕਿਸਾਨ ਅਤੇ ਕਿਸਾਨੀ ਵਿਰੋਧੀ ਹੈ।
ਉਨ੍ਹਾਂ ਕਿਹਾ ਕਿ ਭਾਰਤ–ਅਮਰੀਕਾ ਵਪਾਰਕ ਸਮਝੌਤਾ ਦੇਸ਼ ਦੀ ਕਿਸਾਨੀ ਲਈ ਘਾਤਕ ਸਾਬਤ ਹੋਵੇਗਾ, ਖਾਸ ਕਰਕੇ ਖੇਤੀ ਪ੍ਰਧਾਨ ਸੂਬਾ ਪੰਜਾਬ ਦੇ ਕਿਸਾਨਾਂ ਨੂੰ ਵੱਡਾ ਨੁਕਸਾਨ ਝੱਲਣਾ ਪਵੇਗਾ। ਪਹਿਲਾਂ ਹੀ ਮਹਿੰਗਾਈ ਅਤੇ ਕਰਜ਼ੇ ਦੀ ਮਾਰ ਹੇਠਾਂ ਦਬੇ ਕਿਸਾਨਾਂ ਲਈ ਇਹ ਫੈਸਲਾ ਕਿਸਾਨੀ ਨੂੰ ਹੋਰ ਸੰਕਟ ਵਿੱਚ ਧੱਕੇਗਾ ਕਿਉਂਕਿ ਭਾਰਤੀ ਕਿਸਾਨ ਅਮਰੀਕਾ ਦੇ ਆਧੁਨਿਕ ਸਾਧਨਾਂ ਨਾਲ ਲੈੱਸ ਅਮੀਰ ਕਿਸਾਨਾਂ ਨਾਲ ਮੁਕਾਬਲਾ ਨਹੀਂ ਕਰ ਸਕਦੇ। ਇਸ ਮੌਕੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਵੀ ਸਮਝੌਤੇ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਇਸ ਨਾਲ ਦੇਸ਼ ਦੇ ਹਰੇਕ ਵਰਗ ’ਤੇ ਨਕਾਰਾਤਮਕ ਅਸਰ ਪਵੇਗਾ। ਆਮ ਆਦਮੀ ਪਾਰਟੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਡਿੰਪਾ ਅਤੇ ਜ਼ੀਰਾ ਨੇ ਆਖਿਆ ਕਿ ਚੋਣਾਂ ਸਮੇਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਹਰੇਕ ਔਰਤ ਨੂੰ ਪਿਛਲੇ ਚਾਰ ਸਾਲਾਂ ਦਾ 48 ਹਜ਼ਾਰ ਰੁਪਏ ਮਾਣਭੱਤਾ ਜਲਦੀ ਜਾਰੀ ਕਰੇ, ਨਹੀਂ ਤਾਂ ਕਾਂਗਰਸ ਵੱਲੋਂ ਲੋਕਾਂ ਅੱਗੇ ਸਰਕਾਰ ਦੇ ਝੂਠੇ ਵਾਅਦੇ ਬੇਨਕਾਬ ਕੀਤੇ ਜਾਣਗੇ।
ਇਸ ਮੌਕੇ ਅਮਰਦੀਪ ਸਿੰਘ ਆਸ਼ੂ ਬੰਗੜ, ਗੁਰਭੇਜ ਸਿੰਘ ਟਿੱਬੀ, ਬਲਜੀਤ ਕੌਰ ਬੰਗੜ, ਸਰਬਜੀਤ ਕੌਰ ਪ੍ਰਧਾਨ ਜ਼ਿਲ੍ਹਾ ਮਹਿਲਾ ਕਾਂਗਰਸ, ਗੁਰਦੀਪ ਸਿੰਘ ਢਿੱਲੋਂ, ਰਵਿੰਦਰ ਸਿੰਘ ਤੂਤ, ਜਗਸੀਰ ਸਿੰਘ ਕੋਟ ਕਰੋੜ, ਮੁਨੀਸ਼ ਸੁਲਹਾਣੀ, ਪਲਵਿੰਦਰ ਸਿੰਘ ਝੋਕ, ਕੰਵਲਪ੍ਰੀਤ ਸਿੰਘ ਘੱਲ ਖੁਰਦ, ਅਪਨਦੀਪ ਸਿੰਘ, ਗੁਰਪ੍ਰੀਤ ਸਿੰਘ ਅਲਫੂ ਕੇ, ਮਹਿਕਦੀਪ ਸਿੰਘ ਜ਼ੀਰਾ, ਕੁਲਜੀਤ ਸਿੰਘ, ਮਨਪ੍ਰੀਤ ਸਿੰਘ, ਰਮੇਸ਼ ਅਟਵਾਲ, ਸੁਰਜੀਤ ਸਿੰਘ ਸੰਧੂ, ਰੂਬਲ ਵਿਰਦੀ ਪੀ. ਏ ਅਤੇ ਹੋਰ ਕਈ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਸਾਹਿਬਾਨ ਹਾਜ਼ਰ ਰਹੇ।