‘ਰਾਖਵਾਂਕਰਨ ਦੇ ਨਾਂ ’ਤੇ ਕੇਂਦਰ ਕਰ ਰਿਹਾ ਸਿਆਸੀ ਡਰਾਮਾ : ਬਲਜੀਤ ਬੰਗੜ
ਮੋਦੀ ਸਰਕਾਰ ਕਰ ਰਹੀ ਹੈ ਰਾਜਨੀਤਿਕ ਡਰਾਮਾ; ਬਲਜੀਤ ਕੋਰ ਬੰਗੜ
Publish Date: Tue, 21 Apr 2026 07:26 PM (IST)
Updated Date: Tue, 21 Apr 2026 07:31 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਮਹਿਲਾ ਰਾਖਵਾਂਕਰਨ ਦੇ ਸੰਵੇਦਨਸ਼ੀਲ ਮੁੱਦੇ ’ਤੇ ਸਿਆਸੀ ਪਾਰਾ ਚੜ੍ਹਦਾ ਜਾ ਰਿਹਾ ਹੈ । ਇਸ ਮਾਮਲੇ ’ਚ ਕਾਂਗਰਸ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਖੁੱਲ੍ਹੇਆਮ ਘੇਰ ਲਿਆ ਹੈ। ਇਸ ਸਬੰਧੀ ਮੰਗਲਵਾਰ ਨੂੰ ਫਿਰੋਜ਼ਪੁਰ ਛਾਉਣੀ ਸਥਿਤ ਕਾਂਗਰਸ ਭਵਨ ਵਿਖੇ ਕਾਂਗਰਸ ਆਗੂਆਂ ਵੱਲੋ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਮਹਿਲਾ ਕਾਂਗਰਸ ਆਗੂ ਅਤੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਲਜੀਤ ਕੌਰ ਬੰਗੜ ਨੇ ਕੇਂਦਰ ਦੀਆਂ ਨੀਤੀਆਂ ਨੂੰ ਸਿੱਧਾ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ “ਮਹਿਲਾ ਸਸ਼ਕਤੀਕਰਨ” ਸਿਰਫ਼ ਨਾਅਰਾ ਬਣ ਕੇ ਰਹਿ ਗਿਆ ਹੈ। ਬੇਬਾਕ ਲਹਿਜ਼ੇ ’ਚ ਬੋਲਦਿਆਂ ਬਲਜੀਤ ਕੋਰ ਬੰਗੜ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਮਹਿਲਾ ਰਾਖਵਾਂਕਰਨ ਦੇ ਨਾਂ ’ਤੇ ਦੇਸ਼ ਦੀਆਂ ਔਰਤਾਂ ਨਾਲ ਧੋਖਾ ਕਰ ਰਹੀ ਹੈ ਅਤੇ ਇਸ ਮੁੱਦੇ ਨੂੰ ਸਿਰਫ਼ ਚੋਣ ਸਟੰਟ ਵਜੋਂ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਗੱਲ ਅਸਲ ਹੱਕ ਦੇਣ ਦੀ ਆਉਂਦੀ ਹੈ, ਤਾਂ ਕੇਂਦਰ ਸਰਕਾਰ ਕਦਮ ਪਿੱਛੇ ਖਿੱਚ ਲੈਂਦੀ ਹੈ। ਉਨ੍ਹਾਂ ਆਖਿਆ ਕਿ ਇਹ ਰਾਖਵਾਂਕਰਨ ਨਹੀਂ, ਸਿਆਸੀ ਰੋਟੀਆਂ ਸੇਕਣ ਦਾ ਸਾਧਨ ਬਣਾਇਆ ਗਿਆ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਦੇਸ਼ ਦੀਆਂ ਮਹਿਲਾਵਾਂ ਹੁਣ ਸਿਰਫ਼ ਵਾਅਦਿਆਂ ਨਾਲ ਨਹੀਂ ਮਨਣਗੀਆਂ। ਜੇਕਰ ਕੇਂਦਰ ਸਰਕਾਰ ਸੱਚਮੁੱਚ ਔਰਤਾਂ ਦੀ ਹਮਾਇਤ ਕਰਦੀ ਹੈ, ਤਾਂ ਨਵੀਂ ਜਨਗਣਨਾ ਕਰਵਾ ਕੇ 33 ਪ੍ਰਤੀਸ਼ਤ ਰਾਖਵਾਂਕਰਨ ਤੁਰੰਤ ਲਾਗੂ ਕਰੇ। ਬੰਗੜ ਨੇ ਦਲੀਲ ਦਿੱਤੀ ਕਿ ਜਨਗਣਨਾ ਦੇ ਬਿਨਾਂ ਰਾਖਵਾਂਕਰਨ ਦੀ ਗੱਲ ਕਰਨਾ ਸਿਰਫ਼ ਲੋਕਾਂ ਦੀਆਂ ਅੱਖਾਂ ’ਚ ਧੂੜ ਪਾਉਣ ਦੇ ਬਰਾਬਰ ਹੈ। ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸ ਆਗੂਆਂ ਨੇ ਇੱਕਸੁਰ ਵਿੱਚ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਨਿਖੇਧੀ ਕਰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਮਹਿਲਾਵਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਨਾ ਦਿੱਤਾ ਗਿਆ, ਤਾਂ ਆਉਣ ਵਾਲੇ ਸਮੇਂ ’ਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਕਾਂਗਰਸ ਆਗੂਆਂ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਸਾਫ ਸੰਦੇਸ਼ ਨਜ਼ਰ ਆ ਰਿਹਾ ਸੀ ਕਿ ਸਿਆਸੀ ਮੈਦਾਨ ’ਚ ਮਹਿਲਾ ਰਾਖਵਾਂਕਰਨ ਹੁਣ ਸਿਰਫ਼ ਵਾਅਦਾ ਨਹੀਂ, ਸਗੋਂ ਵੱਡਾ ਚੁਣੌਤੀਪੂਰਨ ਮੁੱਦਾ ਬਣ ਚੁੱਕਾ ਹੈ—ਜਿੱਥੇ ਸਿਰਫ ਚੁਣਾਵੀ ਜੁਮਲਿਆਂ ਨਾਲ ਨਹੀਂ, ਸਗੋਂ ਫੈਸਲਿਆਂ ਨਾਲ ਸਰਕਾਰ ਦੀ ਨੀਅਤ ਦੀ ਪਰਖ ਹੋਣੀ ਹੈ। ਇਸ ਮੌਕੇ ਸਰਬਜੀਤ ਕੌਰ ਬਰਾੜ, ਬਲਾਕ ਪ੍ਰਧਾਨ ਕੰਵਲਪ੍ਰੀਤ ਸਿੰਘ ਗਿੱਲ, ਰਵਿੰਦਰ ਸਿੰਘ ਤੂਤ, ਸੁਖਜੀਤ ਸਿੰਘ ਗੋਗੀ ਪਿਆਰੇਆਣਾ, ਬਲਦੇਵ ਸਿੰਘ ਰੱਤਾਖੇੜਾ, ਜਥੇਦਾਰ ਮਲਕੀਤ ਸਿੰਘ ਸਰਪੰਚ, ਦਲਜੀਤ ਸਿੰਘ ਬਿੱਟੂ, ਗੁਰਵਿੰਦਰ ਸਿੰਘ ਝੋਕ ਤੋਂ ਇਲਾਵਾ ਪ੍ਰੀਤ ਸਿੰਘ, ਦਲਵੀਰ ਸਿੰਘ, ਮਨਪ੍ਰੀਤ ਸਿੰਘ ਵਿਰਕ, ਕਰਨਵੀਰ ਸਿੰਘ ਬਰਾੜ, ਕਾਰਜ ਸਿੰਘ ਸਰਪੰਚ, ਸਰਪੰਚ ਮੋਹਿਤ ਸਿੰਘ ਅਤੇ ਕਸ਼ਮੀਰ ਸਿੰਘ ਲੋਹਗੜ੍ਹ ਨੇ ਵੀ ਸ਼ਮੂਲੀਅਤ ਕੀਤੀ। ਮਹਿਲਾ ਸ਼ਕਤੀ ਦਾ ਪ੍ਰਦਰਸ਼ਨ ਕਰਦਿਆਂ ਰਿੰਪਾ, ਮਹਿਲਾ ਆਗੂ ਅਮਰਜੀਤ ਕੌਰ, ਹਰਚਰਨ ਕੌਰ ਨਰਾਇਣਗੜ੍ਹ ਅਤੇ ਜਸਪ੍ਰੀਤ ਕੌਰ ਫਿੱਡੇ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਪੀ.ਏ. ਤਰਨ ਬੁੱਟਰ ਅਤੇ ਨਿੱਜੀ ਸਕੱਤਰ ਕਮਲ ਗਿੱਲ ਸੋਨੂੰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਕਾਂਗਰਸ ਲੀਡਰਸ਼ਿਪ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮਹਿਲਾ ਰਾਖਵਾਂਕਰਨ ਨੂੰ ਸਹੀ ਢੰਗ ਨਾਲ ਅਤੇ ਜਲਦੀ ਲਾਗੂ ਨਾ ਕੀਤਾ ਗਿਆ, ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।