ਸੱਚਖੰਡ ਐਕਸਪ੍ਰੈਸ ਟਰੇਨ ’ਚੋਂ ਮੋਬਾਈਲ ਚੋਰ ਕਾਬੂ
ਸੱਚਖੰਡ ਐਕਸਪ੍ਰੈਸ ਟਰੇਨ ਵਿਚ ਮੋਬਾਇਲ ਚੋਰ ਕਾਬੂ
Publish Date: Sun, 05 Apr 2026 03:26 PM (IST)
Updated Date: Sun, 05 Apr 2026 03:28 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਜਾਣ ਵਾਲੀ ਗੱਡੀ ਸੰਖਿਆ 12715 ਸੱਚਖੰਡ ਐਕਸਪ੍ਰੈਸ ਵਿਚ ਟਿਕਟ ਚੈਕਿੰਗ ਸਟਾਫ ਦੀ ਚੌਕਸੀ ਸਦਕਾ ਇਕ ਮੋਬਾਇਲ ਚੋਰ ਨੂੰ ਰੰਗੇ ਹੱਥੀਂ ਫੜਨ ਵਿਚ ਵੱਡੀ ਸਫਲਤਾ ਹਾਸਲ ਹੋਈ ਹੈ। ਇਸ ਕਾਰਵਾਈ ਦੌਰਾਨ ਨਾ ਸਿਰਫ ਇਕ ਯਾਤਰੀ ਦਾ ਚੋਰੀ ਹੋਇਆ ਫੋਨ ਵਾਪਸ ਮਿਲਿਆ, ਬਲਕਿ ਰੇਲਵੇ ਵਿਭਾਗ ਦੇ ਇਕ ਕਰਮਚਾਰੀ ਦਾ ਮੋਬਾਇਲ ਵੀ ਮੁਲਜ਼ਮ ਕੋਲੋਂ ਬਰਾਮਦ ਕੀਤਾ ਗਿਆ। ਸੱਚਖੰਡ ਐਕਸਪ੍ਰੈਸ ਦੇ ਕੋਚ ਬੀ-4 ਦੀ ਸੀਟ ਨੰਬਰ 1 ’ਤੇ ਸਫਰ ਕਰ ਰਹੇ ਇਕ ਯਾਤਰੀ ਨੇ ਸ਼ਿਕਾਇਤ ਕੀਤੀ ਕਿ ਉਸ ਦਾ ਮੋਬਾਇਲ ਫੋਨ ਚੋਰੀ ਹੋ ਗਿਆ ਹੈ। ਡਿਊਟੀ ’ਤੇ ਤੈਨਾਤ ਟਿਕਟ ਚੈਕਿੰਗ ਸਟਾਫ ਨੇ ਸ਼ੱਕੀ ਵਿਅਕਤੀਆਂ ਦੀ ਨਿਸ਼ਾਨਦੇਹੀ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਸਟਾਫ ਨੂੰ ਟਰੇਨ ਵਿਚ ਘੁੰਮ ਰਹੇ ਇਕ ਨੌਜਵਾਨ ’ਤੇ ਸ਼ੱਕ ਹੋਇਆ। ਜਦੋਂ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਅਤੇ ਉਸ ਦੀ ਤਲਾਸ਼ੀ ਲਈ ਗਈ, ਤਾਂ ਉਸ ਦੇ ਕਬਜ਼ੇ ਵਿੱਚੋਂ ਯਾਤਰੀ ਦਾ ਚੋਰੀ ਹੋਇਆ ਮੋਬਾਇਲ ਬਰਾਮਦ ਹੋ ਗਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਤਲਾਸ਼ੀ ਦੌਰਾਨ ਉਕਤ ਮੁਲਜ਼ਮ ਕੋਲੋਂ ਇਕ ਹੋਰ ਮੋਬਾਇਲ ਫੋਨ ਵੀ ਮਿਲਿਆ, ਜੋ ਰੇਲਵੇ ਦੇ ਹੀ ਇਕ ਕਰਮਚਾਰੀ ਦਾ ਸੀ। ਜਿਵੇਂ ਹੀ ਟਰੇਨ ਰਾਜਪੁਰਾ ਸਟੇਸ਼ਨ ’ਤੇ ਪਹੁੰਚੀ, ਟਿਕਟ ਚੈਕਿੰਗ ਸਟਾਫ ਨੇ ਮੁਲਜ਼ਮ ਨੂੰ ਤੁਰੰਤ ਰੇਲਵੇ ਸੁਰੱਖਿਆ ਬਲ ਦੇ ਹਵਾਲੇ ਕਰ ਦਿੱਤਾ। ਆਰਪੀਐੱਫ ਵੱਲੋਂ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਰੇਲਵੇ ਅਧਿਕਾਰੀਆਂ ਨੇ ਟਿਕਟ ਚੈਕਿੰਗ ਸਟਾਫ ਦੀ ਇਸ ਬਹਾਦਰੀ ਅਤੇ ਮੁਸਤੈਦੀ ਦੀ ਸ਼ਲਾਘਾ ਕੀਤੀ ਹੈ।