ਮਨਰੇਗਾ ਮਜ਼ਦੂਰਾਂ ਨੇ ਡੀਸੀ ਦਫ਼ਤਰ ਮੂਹਰੇ ਲਾਇਆ ਧਰਨਾ
ਮਨਰੇਗਾ ਮਜ਼ਦੂਰਾਂ ਨੇ ਡੀਸੀ ਦਫ਼ਤਰ ਮੂਹਰੇ ਲਾਇਆ ਧਰਨਾ
Publish Date: Mon, 05 Jan 2026 05:01 PM (IST)
Updated Date: Mon, 05 Jan 2026 05:02 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਵਿਖੇ ਬੱਗਾ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਮਜ਼ਦੂਰ ਵੈਲਫੇਅਰ ਸਭਾ ਵੱਲੋਂ ਡੀਸੀ ਦਫ਼ਤਰ ਮੂਹਰੇ ਧਰਨਾ ਦਿੱਤਾ ਗਿਆ। ਇਸ ਮੌਕੇ ਮਜ਼ਦੂਰਾਂ ਨੇ ਡੀਸੀ ਫਿਰੋਜ਼ਪੁਰ ਨੂੰ ਮੰਗ ਪੱਤਰ ਸੌਂਪਦਿਆਂ ਮਨਰੇਗਾ ਸਕੀਮ ਵਿਚ ਚੱਲ ਰਹੀਆਂ ਵੱਡੀਆਂ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਦੇ ਪਰਦਾਫਾਸ਼ ਦੀ ਮੰਗ ਕੀਤੀ। ਮਜ਼ਦੂਰ ਆਗੂਆਂ ਨੇ ਦੋਸ਼ ਲਾਇਆ ਕਿ ਬੀਡੀਪੀਓ ਅਤੇ ਏਡੀਸੀ ਦਫ਼ਤਰ ਵੱਲੋਂ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਲੋੜਵੰਦ ਮਜ਼ਦੂਰਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ। ਦੂਜੇ ਪਾਸੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਜਾਅਲੀ ਮਸਟਰੌਲ ਕੱਢ ਕੇ ਅਤੇ ਫ਼ਰਜ਼ੀ ਹਾਜ਼ਰੀਆਂ ਲਗਾ ਕੇ ਸਰਕਾਰੀ ਖ਼ਜ਼ਾਨੇ ਦੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਵਿਚ ਵੀ ਕਰੋੜਾਂ ਰੁਪਏ ਦੇ ਘਪਲੇ ਹੋ ਰਹੇ ਹਨ, ਜਿੱਥੇ ਫ਼ਰਜ਼ੀ ਫੋਟੋਆਂ ਰਾਹੀਂ ਪੈਸੇ ਹੜੱਪੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀਆਂ ਮੰਗਾਂ ਜਿਵੇਂ ਕਿ ਮਜ਼ਦੂਰਾਂ ਨੂੰ 15 ਦਿਨਾਂ ਦੇ ਅੰਦਰ ਕੰਮ ਦਿੱਤਾ ਜਾਵੇ, ਨਹੀਂ ਤਾਂ ਬੇਰੁਜ਼ਗਾਰੀ ਭੱਤਾ ਜਾਰੀ ਕੀਤਾ ਜਾਵੇ। ਨਰੇਗਾ ਕਾਨੂੰਨ ਦੀ ਧਾਰਾ 25 ਤਹਿਤ ਲਾਪਰਵਾਹ ਅਧਿਕਾਰੀਆਂ ’ਤੇ ਕਾਰਵਾਈ ਹੋਵੇ। ਘਪਲੇ ਰੋਕਣ ਲਈ ਮਜ਼ਦੂਰਾਂ ਦੀ ਬਾਇਓਮੀਟ੍ਰਿਕ (ਅੱਖਾਂ ਤੇ ਫਿੰਗਰ ਪ੍ਰਿੰਟ) ਹਾਜ਼ਰੀ ਵਾਲੀ ਐਪ ਲਾਗੂ ਕੀਤੀ ਜਾਵੇ। ਜਾਅਲੀ ਮਸਟਰੌਲ ਕੱਢਣ ਵਾਲੇ ਅਧਿਕਾਰੀਆਂ ਨੂੰ ਬਰਖ਼ਾਸਤ ਕੀਤਾ ਜਾਵੇ। ਇਸ ਧਰਨੇ ਵਿੱਚ ਮਨਜੀਤ ਕੌਰ ਕਾਲਾ ਟਿੱਬਾ, ਸਵਰਨ ਕੌਰ, ਬਲਵਿੰਦਰ ਸਿੰਘ ਅਤੇ ਹੋਰ ਕਈ ਇਕਾਈ ਪ੍ਰਧਾਨ ਸ਼ਾਮਲ ਸਨ। ਮਜ਼ਦੂਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ 28 ਦਿਨਾਂ ਵਿੱਚ ਕਾਰਵਾਈ ਨਾ ਹੋਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।