ਬਿਮਾਰਾਂ ਦੇ ਇਲਾਜ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ : ਦਹੀਆ
ਵਿਧਾਇਕ ਰਜਨੀਸ਼ ਦਹੀਆ ਨੇ ਸਿਵਲ ਹਸਪਤਾਲ ਫਿਰੋਜ਼ਪੁਰ ਪਹੁੰਚ ਕੇ ਜਾਣਿਆ ਮਰੀਜ਼ਾਂ ਦਾ ਹਾਲ-ਚਾਲ
Publish Date: Mon, 02 Mar 2026 06:24 PM (IST)
Updated Date: Mon, 02 Mar 2026 06:25 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਕੁਮਾਰ ਦਹੀਆ ਵੱਲੋਂ ਅੱਜ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਪਹੁੰਚ ਕੇ ਪਿੰਡ ਹਜ਼ਾਰਾ ਸਿੰਘ ਵਾਲਾ ਦੇ ਵਾਸੀ ਜੋ ਦੂਸ਼ਿਤ ਪਾਣੀ ਪੀਣ ਕਾਰਨ ਬੀਮਾਰ ਹੋਏ ਹਨ ਦਾ ਹਾਲ-ਚਾਲ ਜਾਣਿਆ ਗਿਆ। ਇਸ ਦੌਰਾਨ ਸਿਵਲ ਸਰਜਨ ਡਾ.ਰਾਜੀਵ ਪਰਾਸ਼ਰ ਵੀ ਹਾਜ਼ਰ ਸਨ। ਵਿਧਾਇਕ ਰਜਨੀਸ਼ ਕੁਮਾਰ ਦਹੀਆ ਨੇ ਇਸ ਮੌਕੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਜਾਣਿਆ, ਉਨ੍ਹਾਂ ਨੇ ਇਸ ਦੌਰਾਨ ਡਾਕਟਰਾਂ ਨਾਲ ਗੱਲਬਾਤ ਕਰਕੇ ਮਰੀਜ਼ਾਂ ਦੇ ਹੋ ਰਹੇ ਇਲਾਜ ਸਬੰਧੀ ਜਾਣਕਾਰੀ ਲਈ ਅਤੇ ਉਨ੍ਹਾਂ ਨੂੰ ਨਿਰਦੇਸ਼ ਵੀ ਦਿੱਤੇ ਕਿ ਇਨ੍ਹਾਂ ਮਰੀਜ਼ਾਂ ਦੇ ਇਲਾਜ ਵਿਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹਿਣੀ ਚਾਹੀਦੀ। ਇਸ ਮੌਕੇ ਵਿਧਾਇਕ ਦਹੀਆ ਨੇ ਮਰੀਜ਼ਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਅਤੇ ਸਿਹਤ ਪ੍ਰਸ਼ਾਸਨ ਇਸ ਘੜੀ ਵਿਚ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਖੜ੍ਹਾ ਹੈ ਅਤੇ ਮਰੀਜ਼ਾਂ ਦੇ ਇਲਾਜ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।