ਪੰਜਾਬ ਸਰਕਾਰ ਸਿੱਖਿਆ ਪ੍ਰਣਾਲੀ ਨੂੰ ਨਵੀਆਂ ਉਚਾਈਆਂ ’ਤੇ ਲੈ ਜਾਣ ਲਈ ਵਚਨਬੱਧ : ਕਟਾਰੀਆ
ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਠੱਠਾ ਕਿਸ਼ਨ ਸਿੰਘ ਸਕੂਲ ਵਿਚ ਸਮਾਰਟ ਰੂਮ ਦਾ ਉਦਘਾਟਨ
Publish Date: Wed, 22 Apr 2026 04:19 PM (IST)
Updated Date: Wed, 22 Apr 2026 04:22 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿਚ ਕੀਤੀਆਂ ਜਾ ਰਹੀਆਂ ਵੱਡੀਆਂ ਪਹਿਲਕਦਮੀਆਂ ਦੇ ਤਹਿਤ ਸਰਕਾਰੀ ਸਕੂਲਾਂ ਦਾ ਮਿਆਰ ਲਗਾਤਾਰ ਉੱਚਾ ਚੁੱਕਿਆ ਜਾ ਰਿਹਾ ਹੈ। ਇਸੀ ਕੜੀ ਦੇ ਤਹਿਤ ਪਿੰਡ ਠੱਠਾ ਕਿਸ਼ਨ ਸਿੰਘ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਆਧੁਨਿਕ ਸਮਾਰਟ ਰੂਮ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਵਿਧਾਇਕ ਕਟਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਪ੍ਰਣਾਲੀ ਨੂੰ ਨਵੀਆਂ ਉਚਾਈਆਂ ’ਤੇ ਲੈ ਜਾਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਵਧੀਆ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਮਾਰਟ ਰੂਮਾਂ ਰਾਹੀਂ ਵਿਦਿਆਰਥੀਆਂ ਨੂੰ ਡਿਜ਼ੀਟਲ ਅਤੇ ਤਕਨੀਕੀ ਸਿੱਖਿਆ ਨਾਲ ਜੋੜਿਆ ਜਾਵੇਗਾ,ਜਿਸ ਨਾਲ ਉਨ੍ਹਾਂ ਦੀ ਸਿਖਲਾਈ ਹੋਰ ਪ੍ਰਭਾਵਸ਼ਾਲੀ ਬਣੇਗੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੁਖਵਿੰਦਰ ਸਿੰਘ ਨੇ ਸਰਕਾਰ ਦੇ ਸਿੱਖਿਆ ਕ੍ਰਾਂਤੀ ਅਜੰਡੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਉਪਰਾਲੇ ਵਿਦਿਆਰਥੀਆਂ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਵਿੱਚ ਮਦਦਗਾਰ ਸਾਬਤ ਹੋ ਰਹੇ ਹਨ। ਸਮਾਗਮ ਦੌਰਾਨ ਸੁਨੀਤਾ ਰਾਣੀ ਪ੍ਰਾਇਮਰੀ ਜ਼ਿਲ੍ਹਾ ਸਿੱਖਿਆ ਅਫਸਰ, ਸੋਨੂੰ ਸਚਦੇਵਾ ਸਿੱਖਿਆ ਕੋਆਰਡੀਨੇਟਰ, ਹਰਜੀਤ ਕੌਰ ਬਲਾਕ ਸਿੱਖਿਆ ਅਫਸਰ ਮੱਲਾਂਵਾਲਾ, ਰਕੇਸ਼ ਸ਼ਰਮਾ ਬੀਐੱਨਓ, ਸੰਜੀਵ ਟੰਡਨ, ਗੁਰਿੰਦਰ ਸਿੰਘ, ਸਕੂਲ ਇੰਚਾਰਜ਼ ਹਿਤਪਾਲ ਸਿੰਘ ਸਿੱਧੂ, ਐੱਸਐੱਮਸੀ ਚੇਅਰਮੈਨ ਨਿਰਮਲ ਸਿੰਘ ਸਮੇਤ ਸਕੂਲ ਸਟਾਫ ਅਤੇ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ।