ਜੋਧਪੁਰ ਦੀ ਸਰਬਸੰਮਤੀ ਨਾਲ ਚੁਣੀ ਪੰਚਾਇਤ ਨੂੰ ਪੰਜ ਲੱਖ ਦਾ ਚੈੱਕ ਭੇਟ
ਵਿਧਾਇਕ ਦਹੀਆ ਵੱਲੋਂ ਪਿੰਡ ਜੋਧਪੁਰ ਦੀ ਸਰਬਸੰਮਤੀ ਨਾਲ ਚੁਣੀ ਪੰਚਾਇਤ ਨੂੰ ਪੰਜ ਲੱਖ ਦਾ ਚੈੱਕ ਭੇਂਟ
Publish Date: Sat, 07 Mar 2026 06:40 PM (IST)
Updated Date: Sat, 07 Mar 2026 06:42 PM (IST)
ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਪਿੰਡਾਂ ਵਿਚ ਆਪਸੀ ਧੜੇਬੰਦੀ ਖਤਮ ਕਰਨ ਦੇ ਉਦੇਸ਼ ਨਾਲ ਪੰਜਾਬ ਵਿਚ ਪੰਚਾਇਤ ਚੋਣਾਂ ਸਮੇਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸਰਬ ਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ 5 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਦਿੱਤੇ ਜਾਣ ਦੇ ਕੀਤੇ ਐਲਾਨ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਇਸ ਨਾਲ ਪਿੰਡਾਂ ਵਿਚ ਜਿੱਥੇ ਆਪਸੀ ਧੜੇਬੰਦੀ ਖਤਮ ਹੋਈ ਹੈ, ਉੱਥੇ ਪਿੰਡਾਂ ਨੂੰ ਮਿਲਣ ਵਾਲੀ 5 ਲੱਖ ਰੁਪਏ ਦੀ ਗਰਾਂਟ ਵੀ ਵਿਕਾਸ ਕਾਰਜਾਂ ਵਿਚ ਸਹਾਈ ਹੋ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਐਡਵੋਕੇਟ ਰਜਨੀਸ਼ ਦਹੀਆ ਐੱਮਐੱਲਏ ਹਲਕਾ ਫਿਰੋਜ਼ਪੁਰ ਦਿਹਾਤੀ ਨੇ ਪਿੰਡ ਜੋਧਪੁਰ ਦੀ ਸਰਬ ਸੰਮਤੀ ਨਾਲ ਚੁਣੀ ਪੰਚਾਇਤ ਨੂੰ 5 ਲੱਖ ਰੁਪਏ ਦਾ ਚੈੱਕ ਦੇਣ ਸਮੇਂ ਗੱਲਬਾਤ ਦੌਰਾਨ ਕੀਤਾ। ਵਿਧਾਇਕ ਦੇ ਮੁੱਖ ਦਫਤਰ ਤੋਂ ਇਹ ਚੈੱਕ ਪਿੰਡ ਜੋਧਪੁਰ ਦੇ ਸਰਪੰਚ ਬਲਕਾਰ ਸਿੰਘ, ਸੀਨੀਅਰ ਆਗੂ ਗੁਰਨਾਮ ਸਿੰਘ ਮਲਕੀਤ ਸਿੰਘ ਬਾਊ, ਦਿਲਸ਼ੇਰ ਸਿੰਘ ਅਤੇ ਸਮਾਜ ਸੇਵੀ ਜਸਬੀਰ ਸਿੰਘ ਮਹਿਰੋਕ ਨੇ ਪ੍ਰਾਪਤ ਕਰਦਿਆਂ ਦਹੀਆ ਨੂੰ ਵਿਸ਼ਵਾਸ ਦੁਆਇਆ ਕਿ ਸਰਕਾਰ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਵਾਸਤੇ ਭੇਜੀ ਜਾਣ ਵਾਲੀ ਗਰਾਂਟ ਦਾ ਇਕ ਇਕ ਪੈਸਾ ਪਿੰਡ ਦੇ ਵਿਕਾਸ ’ਤੇ ਖਰਚ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਬਲਰਾਜ ਸਿੰਘ ਸੰਧੂ ਚੇਅਰਮੈਨ ਮਾਰਕੀਟ ਕਮੇਟੀ ਮਮਦੋਟ, ਵਿਧਾਇਕ ਦੇ ਨਿੱਜੀ ਸਕੱਤਰ ਰੋਬੀ ਸੰਧੂ ਅਤੇ ਪਵਨ ਸੋਲ਼ੰਕੀ ਵੀ ਸਨ।