ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਸਮੱਸਿਆਵਾਂ ’ਤੇ ਕੀਤੀ ਚਰਚਾ
ਘੱਟ ਗਿਣਤੀ ਮੋਰਚਾ ਯੂਥ ਪੰਜਾਬ ਦੇ ਆਗੂ ਥੋਮਸ ਮਸੀਹ ਦੀ ਚੇਅਰਮੈਨ ਜਤਿੰਦਰ ਮਸੀਹ ਗੌਰਵ ਤੇ ਸੀਮੋਨ ਸਹੋਤਾ ਨਾਲ ਅਹਿਮ ਮੁਲਾਕਾਤ
Publish Date: Sat, 24 Jan 2026 04:07 PM (IST)
Updated Date: Sat, 24 Jan 2026 04:10 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲਾ : ਚੰਡੀਗੜ੍ਹ ਵਿਖੇ ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਦੇ ਦਫ਼ਤਰ ਵਿਚ ਘੱਟ ਗਿਣਤੀ ਮੋਰਚਾ ਯੂਥ ਪੰਜਾਬ ਦੇ ਆਗੂ ਥੋਮਸ ਮਸੀਹ ਵੱਲੋਂ ਚੇਅਰਮੈਨ ਜਤਿੰਦਰ ਮਸੀਹ ਗੌਰਵ ਅਤੇ ਸੀਮੋਨ ਸਹੋਤਾ ਨਾਲ ਖਾਸ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਦਾ ਮੁੱਖ ਉਦੇਸ਼ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਸਮੱਸਿਆਵਾਂ ਨੂੰ ਸਿੱਧੇ ਤੌਰ ’ਤੇ ਕਮਿਸ਼ਨ ਦੇ ਧਿਆਨ ਵਿਚ ਲਿਆਉਣਾ ਸੀ। ਮੁਲਾਕਾਤ ਦੌਰਾਨ ਥੋਮਸ ਮਸੀਹ ਨੇ ਫਿਰੋਜ਼ਪੁਰ ਸਮੇਤ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਘੱਟ ਗਿਣਤੀ ਵਰਗ ਨੂੰ ਦਰਪੇਸ਼ ਸਮਾਜਿਕ, ਸਿੱਖਿਆਕ, ਰੋਜ਼ਗਾਰ ਅਤੇ ਧਾਰਮਿਕ ਮੁੱਦਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਘੱਟ ਗਿਣਤੀ ਭਾਈਚਾਰੇ ਨੂੰ ਸਰਕਾਰੀ ਸਕੀਮਾਂ ਦਾ ਲਾਭ ਸਮੇਂ ਸਿਰ ਨਹੀਂ ਮਿਲ ਪਾ ਰਿਹਾ, ਜਿਸ ਕਰਕੇ ਕਈ ਪਰਿਵਾਰ ਪਿੱਛੇ ਰਹਿ ਜਾ ਰਹੇ ਹਨ। ਥੋਮਸ ਮਸੀਹ ਨੇ ਨੌਜਵਾਨਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਵੀ ਖਾਸ ਤੌਰ ’ਤੇ ਉਭਾਰਿਆ। ਇਸ ਮੌਕੇ ਥੋਮਸ ਮਸੀਹ ਵੱਲੋਂ ਚੇਅਰਮੈਨ ਸਾਹਿਬ ਸ੍ਰੀ ਜਤਿੰਦਰ ਮਸੀਹ ਗੌਰਵ ਨੂੰ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਚੇਅਰਮੈਨ ਸਾਹਿਬ ਨੇ ਮੁੱਦਿਆਂ ਨੂੰ ਧਿਆਨ ਨਾਲ ਸੁਣਦੇ ਹੋਏ ਭਰੋਸਾ ਦਿਵਾਇਆ ਕਿ ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਘੱਟ ਗਿਣਤੀ ਵਰਗ ਦੀ ਭਲਾਈ ਲਈ ਪੂਰੀ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ ਅਤੇ ਹਰ ਜਾਇਜ਼ ਮੰਗ ’ਤੇ ਢੁੱਕਵਾਂ ਕਦਮ ਚੁੱਕਿਆ ਜਾਵੇਗਾ।ਸੀਮੋਨ ਸਹੋਤਾ ਨੇ ਵੀ ਕਿਹਾ ਕਿ ਘੱਟ ਗਿਣਤੀ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਜਮੀਨੀ ਪੱਧਰ ’ਤੇ ਸਮਝਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਜਲਦੀ ਹੀ ਫਿਰੋਜ਼ਪੁਰ ਦਾ ਦੌਰਾ ਕੀਤਾ ਜਾਵੇਗਾ ਅਤੇ ਉਥੇ ਮੌਕੇ ’ਤੇ ਸਾਰੇ ਮੁੱਦਿਆਂ ਦੀ ਸਮੀਖਿਆ ਕਰਕੇ ਉਨ੍ਹਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਅਹਿਮ ਮੁਲਾਕਾਤ ਦੌਰਾਨ ਪਾਸਟਰ ਯਾਕੂਬ ਅਤੇ ਭਾਈ ਸਤਪਾਲ ਵੀ ਮੌਜ਼ੂਦ ਰਹੇ। ਸਭ ਹਾਜ਼ਰ ਸ਼ਖ਼ਸੀਅਤਾਂ ਨੇ ਇਕਸੁਰ ਹੋ ਕੇ ਘੱਟ ਗਿਣਤੀ ਭਾਈਚਾਰੇ ਦੀ ਭਲਾਈ, ਏਕਤਾ ਅਤੇ ਅਧਿਕਾਰਾਂ ਦੀ ਸੁਰੱਖਿਆ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ।