ਨਿਰਧਾਰਿਤ ਰੇਟਾਂ ਅਨੁਸਾਰ ਮਜ਼ਦੂਰੀ ਨਾ ਦੇਣ ਸਬੰਧੀ ਵਿਚਾਰ-ਚਰਚਾ
ਭੱਠਾ ਮਜ਼ਦੂਰ ਯੂਨੀਅਨ ਦੀ ਮੀਟਿੰਗ ਹੋਈ
Publish Date: Tue, 24 Feb 2026 03:27 PM (IST)
Updated Date: Tue, 24 Feb 2026 03:28 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਭੱਠਾ ਮਜ਼ਦੂਰ ਯੂਨੀਅਨ ਸਬੰਧਤ ਇੰਟਕ ਦੇ ਪ੍ਰਧਾਨ ਸੁਖਦੇਵ ਸਿੰਘ ਕਟੋਰਾ ਦੀ ਅਗਵਾਈ ’ਚ ਡੀਸੀ ਦਫਤਰ ਫਿਰੋਜ਼ਪੁਰ ਦੇ ਬਾਹਰ ਮੀਟਿੰਗ ਹੋਈ, ਜਿਸ ਵਿਚ ਯੂਨੀਅਨ ਤੇ ਅਹੁਦੇਦਾਰਾਂ ਅਤੇ ਭੱਠਾ ਮਜ਼ਦੂਰਾਂ ਨੇ ਭਾਗ ਲਿਆ। ਜਿਸ ਵਿਚ ਭੱਠਾ ਮਜ਼ਦੂਰਾਂ ਨੂੰ ਭੱਠਾ ਮਾਲਕਾਂ ਵੱਲੋਂ ਸਰਕਾਰ ਵੱਲੋਂ ਨਿਰਧਾਰਿਤ ਰੇਟਾਂ ਅਨੁਸਾਰ ਮਜ਼ਦੂਰੀ ਨਾ ਦੇਣ ਸਬੰਧੀ ਵਿਚਾਰ ਚਰਚਾ ਕੀਤੀ ਗਈ। ਯੂਨੀਅਨ ਵੱਲੋਂ ਕਰੀਬ ਇਕ ਮਹੀਨਾ ਪਹਿਲਾਂ ਭੱਠਾ ਮਜ਼ਦੂਰਾਂ ਨੂੰ ਸਰਕਾਰੀ ਰੇਟਾਂ ਅਨੁਸਾਰ ਮਜ਼ਦੂਰੀ ਦੇਣਾ ਯਕੀਨੀ ਬਣਾਉਣ ਲਈ ਦਫਤਰ ਸਹਾਇਕ ਲੇਬਰ ਕਮਿਸ਼ਨਰ ਫਿਰੋਜ਼ਪੁਰ ਵਿਚ ਡਿਮਾਂਡ ਨੋਟਿਸ ਦਿੱਤਾ ਗਿਆ ਸੀ। ਜਿਸ ਵਿਚ ਦਫਤਰ ਸਹਾਇਕ ਲੇਬਰ ਕਮਿਸ਼ਨਰ ਵੱਲੋਂ ਮਿਤੀ 10 ਫਰਵਰੀ 2026 ਨੂੰ ਭੱਠਾ ਮਾਲਕਾਂ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤੇ ਗਏ ਸਨ, ਪਰ ਭੱਠਾ ਮਾਲਕ ਦਫਤਰ ਵਿਚ ਪੇਸ਼ ਨਹੀਂ ਹੋਏ। ਸਰਕਾਰ ਵੱਲੋਂ ਪ੍ਰਤੀ ਇਕ ਹਜ਼ਾਰ ਇੱਟ ਦਾ ਰੇਟ 987 ਰੁਪਏ ਅਤੇ ਪ੍ਰਤੀ ਇਕ ਹਜ਼ਾਰ ਟਾਇਲ ਦਾ ਰੇਟ 1112 ਰੁਪਏ ਨਿਰਧਾਰਿਤ ਕੀਤਾ ਗਿਆ ਹੈ, ਪਰ ਭੱਠਾ ਮਾਲਕਾਂ ਵੱਲੋਂ ਘੱਟ ਤੋਂ ਘੱਟ ਰੇਟ ਦੇ ਕੇ ਭੱਠਾ ਮਜ਼ਦੂਰਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ। ਯੂਨੀਅਨ ਆਗੂਆਂ ਵੱਲੋਂ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜੇਕਰ ਭੱਠਾ ਮਾਲਕਾਂ ਵੱਲੋਂ ਮਜ਼ਦੂਰਾਂ ਨੂੰ ਸਰਕਾਰੀ ਰੇਟਾਂ ਅਨੁਸਾਰ ਮਜ਼ਦੂਰੀ ਨਹੀਂ ਦਿੱਤੀ ਜਾਂਦੀ ਅਤੇ ਦਫਤਰ ਸਹਾਇਕ ਲੇਬਰ ਕਮਿਸ਼ਨਰ ਵੱਲੋਂ ਸਰਕਾਰੀ ਰੇਟਾਂ ਨੂੰ ਅਮਲੀ ਰੂਪ ਸਖਤੀ ਨਾਲ ਨਹੀਂ ਦਿਵਾਇਆ ਜਾਂਦਾ ਤਾਂ ਯੂਨੀਅਨ ਵੱਲੋਂ ਦਫਤਰ ਸਹਾਇਕ ਲੇਬਰ ਕਮਿਸ਼ਨਰ ਦਫਤਰ ਦੇ ਸਾਹਮਣੇ ਪੱਕੇ ਤੌਰ ’ਤੇ ਧਰਨਾ ਲਗਾਇਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਦਫਤਰ ਸਹਾਇਕ ਲੇਬਰ ਕਮਿਸ਼ਨਰ ਫਿਰੋਜ਼ਪੁਰ ਸਮੇਤ ਪੂਰੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਵੀਰ ਸਿੰਘ ਸੈਕਟਰੀ, ਜੀਵਨ ਸਿੰਘ ਖਜ਼ਾਨਚੀ, ਪਰਮਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਬਲਵਿੰਦਰ ਸਿੰਘ ਧੀਰਾ ਘਾਰਾ, ਅੰਗਰੇਜ਼ ਸਿੰਘ, ਬਲਵੀਰ ਸਿੰਘ ਸੰਧੂ ਜਨਰਲ ਸਕੱਤਰ ਇੰਟਕ, ਬਲਵਿੰਦਰ ਸ਼ਰਮਾ ਸਮਾਜ ਸੇਵਕ ਅਤੇ ਕਿਰਤੀ ਲੋਕ ਮੌਜ਼ੂਦ ਸਨ।