ਮਯੰਕ ਫਾਊਂਡੇਸ਼ਨ ਦੇ ਮੈਂਬਰਾਂ ਡੀਸੀ ਨਾਲ ਕੀਤੀ ਮੁਲਾਕਾਤ
ਮਯੰਕ ਫਾਊਂਡੇਸ਼ਨ ਨੇ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਤਹਿਤ ਫਿਰੋਜ਼ਪੁਰ ਦੇ ਡੀਸੀ ਨਾਲ ਕੀਤੀ ਮੁਲਾਕਾਤ
Publish Date: Tue, 06 Jan 2026 04:00 PM (IST)
Updated Date: Tue, 06 Jan 2026 04:02 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪਰ : ਮਯੰਕ ਫਾਊਂਡੇਸ਼ਨ ਦੇ ਇਕ ਵਫ਼ਦ ਨੇ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੌਰਾਨ ਪ੍ਰਸਤਾਵਿਤ ਗਤੀਵਿਧੀਆਂ ’ਤੇ ਚਰਚਾ ਕਰਨ ਲਈ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨਾਲ ਮੁਲਾਕਾਤ ਕੀਤੀ। ਮੀਟਿੰਗ ਦਾ ਉਦੇਸ਼ ਜ਼ਿਲ੍ਹੇ ਵਿਚ ਸੜਕ ਸੁਰੱਖਿਆ ਜਾਗਰੂਕਤਾ ਨੂੰ ਮਜ਼ਬੂਤ ਕਰਨ ਅਤੇ ਸੜਕ ਹਾਦਸਿਆਂ ਨੂੰ ਘਟਾਉਣ ਲਈ ਸਾਂਝੇ ਯਤਨਾਂ ’ਤੇ ਚਰਚਾ ਕਰਨਾ ਸੀ। ਮੀਟਿੰਗ ਦੌਰਾਨ ਮਯੰਕ ਫਾਊਂਡੇਸ਼ਨ ਨੇ ਡਿਪਟੀ ਕਮਿਸ਼ਨਰ ਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਸੜਕ ਸੁਰੱਖਿਆ ਜਾਗਰੂਕਤਾ ਸੈਮੀਨਾਰ ਆਯੋਜਿਤ ਕਰਨ ਦੀਆਂ ਆਪਣੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਤਾਂ ਜੋ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਟਰੈਫਿਕ ਨਿਯਮਾਂ, ਸੁਰੱਖਿਅਤ ਡਰਾਈਵਿੰਗ ਅਤੇ ਪੈਦਲ ਯਾਤਰੀਆਂ ਦੀ ਸੁਰੱਖਿਆ ਬਾਰੇ ਜਾਗਰੂਕ ਕੀਤਾ ਜਾ ਸਕੇ। ਫ਼ਾਊਂਡੇਸ਼ਨ ਨੇ ਸਕੂਲ ਬੱਸ ਡਰਾਈਵਰਾਂ ਲਈ ਵਿਸ਼ੇਸ਼ ਵਰਕਸ਼ਾਪਾਂ ਦਾ ਆਯੋਜਨ ਕਰਨ ਦਾ ਵੀ ਪ੍ਰਸਤਾਵ ਰੱਖਿਆ, ਜਿਸ ਵਿਚ ਸੁਰੱਖਿਅਤ ਡਰਾਈਵਿੰਗ, ਬਾਲ ਸੁਰੱਖਿਆ ਪ੍ਰੋਟੋਕੋਲ ਅਤੇ ਐਮਰਜੈਂਸੀ ਸਥਿਤੀਆਂ ਪ੍ਰਤੀ ਢੁੱਕਵੀਂ ਪ੍ਰਤੀਕਿਰਿਆ ’ਤੇ ਧਿਆਨ ਕੇਂਦਰਿਤ ਕੀਤਾ ਗਿਆ। ਇਸ ਤੋਂ ਇਲਾਵਾ ਟਰੱਕ ਅਤੇ ਵਪਾਰਕ ਵਾਹਨ ਚਾਲਕਾਂ ਲਈ ਅੱਖਾਂ ਦੀ ਜਾਂਚ ਕੈਂਪ ਲਗਾਏ ਜਾਣਗੇ, ਕਿਉਂਕਿ ਨਜ਼ਰ ਦੀਆਂ ਸਮੱਸਿਆਵਾਂ ਸੜਕ ਹਾਦਸਿਆਂ ਦਾ ਇਕ ਵੱਡਾ ਕਾਰਨ ਹਨ। ਸੜਕ ਸੁਰੱਖਿਆ ਪਹਿਲਕਦਮੀ ਦੇ ਹਿੱਸੇ ਵਜੋਂ ਮਯੰਕ ਫਾਊਂਡੇਸ਼ਨ ਦੋਪਹੀਆ ਵਾਹਨ ਸਵਾਰਾਂ ਵਿਚ ਹੈਲਮੇਟ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਅਤੇ ਸਿਰ ਦੀਆਂ ਗੰਭੀਰ ਸੱਟਾਂ ਨੂੰ ਰੋਕਣ ਲਈ, ਈ-ਕਾਮਰਸ ਡਿਲੀਵਰੀ ਸੇਵਾਵਾਂ, ਜਿਨ੍ਹਾਂ ਵਿਚ ਜੋਮੈਟੋ, ਸਵਿਗੀ, ਬਲਿੰਕਿਟ ਅਤੇ ਹੋਰ ਸ਼ਾਮਲ ਹਨ ਦੇ ਡਿਲੀਵਰੀ ਲੜਕਿਆਂ ਨੂੰ 100 ਸੁਰੱਖਿਆ ਹੈਲਮੇਟ ਵੰਡੇਗਾ। ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਮਯੰਕ ਫਾਊਂਡੇਸ਼ਨ ਦੇ ਸੜਕ ਸੁਰੱਖਿਆ ਦੇ ਖੇਤਰ ਵਿਚ ਨਿਰੰਤਰ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੇ ਸਫਲ ਆਯੋਜਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਪੂਰੇ ਸਮਰਥਨ ਦਾ ਭਰੋਸਾ ਦਿੱਤਾ। ਦੱਸਣਯੋਗ ਹੈ ਕਿ ਫਾਊਂਡੇਸ਼ਨ ਪੰਜਾਬ ਸਰਕਾਰ ਦੀ ਸੜਕ ਸੁਰੱਖਿਆ ਦੀ ਲੀਡ ਏਜੰਸੀ ਨਾਲ ਇਪੈਨਲਡ ਸੰਸਥਾ ਹੈ ਜੋ ਪੰਜਾਬ ਵਿਚ ਸੜਕ ਸੁਰੱਖਿਆ ਲਈ ਜ਼ਿੰਮੇਵਾਰ ਹੈ।