ਮਯੰਕ ਫਾਊਂਡੇਸ਼ਨ ਵੱਲੋਂ ਸਿਵਲ ਡਿਫੈਂਸ ਵਲੰਟੀਅਰਾਂ ਨਾਲ ਸੜਕ ਸੁਰੱਖਿਆ ’ਤੇ ਚਰਚਾ
ਮਯੰਕ ਫਾਊਂਡੇਸ਼ਨ ਵੱਲੋਂ ਸਿਵਲ ਡਿਫੈਂਸ ਵਲੰਟੀਅਰਾਂ ਨਾਲ ਸੜਕ ਸੁਰੱਖਿਆ ’ਤੇ ਸੰਵਾਦ
Publish Date: Sun, 11 Jan 2026 04:21 PM (IST)
Updated Date: Sun, 11 Jan 2026 04:24 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਮਯੰਕ ਫਾਊਂਡੇਸ਼ਨ, ਫਿਰੋਜ਼ਪੁਰ ਵੱਲੋਂ 250 ਸਿਵਲ ਡਿਫੈਂਸ ਵਲੰਟੀਅਰਾਂ ਲਈ ਇਕ ਇੰਟਰਐਕਟਿਵ ਸੜਕ ਸੁਰੱਖਿਆ ਜਾਗਰੂਕਤਾ ਸੈਸ਼ਨ ਦਾ ਆਯੋਜਨ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਕੀਤਾ ਗਿਆ, ਜਿਸ ਦਾ ਉਦੇਸ਼ ਟਰੈਫਿਕ ਨਿਯਮਾਂ, ਸੜਕ ਅਧਾਰਭੂਤ ਢਾਂਚੇ ਅਤੇ ਸੁਰੱਖਿਅਤ ਸੜਕ ਵਰਤਾਓ ਬਾਰੇ ਸਮਝ ਨੂੰ ਮਜ਼ਬੂਤ ਕਰਨਾ ਸੀ। ਇਸ ਮੌਕੇ ’ਤੇ ਰਜਿਸਟਰਾਰ ਡਾ. ਗ਼ਜ਼ਲਪ੍ਰੀਤ ਅਰਨੇਜਾ, ਸਟੋਰ ਸੁਪਰਡੈਂਟ ਸਿਵਲ ਡਿਫੈਂਸ ਫਿਰੋਜ਼ਪੁਰ ਪਰਮਿੰਦਰ ਸਿੰਘ ਬਾਠ, ਕੰਪਨੀ ਕਮਾਂਡਰ ਅਨਿਸ਼ ਗੁਪਤਾ ਅਤੇ ਪਰਮਿੰਦਰ ਸਿੰਘ, ਮਾਸਟਰ ਟਰੇਨਰ ਪਰਮਜੀਤ ਸਿੰਘ ਅਤੇ ਰਾਮਨਦੀਪ ਸਿੰਘ ਸਮੇਤ ਸਿਵਲ ਡਿਫੈਂਸ ਫਿਰੋਜ਼ਪੁਰ ਦਾ ਸਟਾਫ ਅਤੇ ਮਯੰਕ ਫਾਊਂਡੇਸ਼ਨ ਦੇ ਮੈਂਬਰ ਹਾਜ਼ਰ ਸਨ। ਕਾਰਜਕ੍ਰਮ ਦੌਰਾਨ ਮਯੰਕ ਫਾਊਂਡੇਸ਼ਨ ਦੇ ਸਹਿ-ਸਕੱਤਰ ਅਸ਼ਵਨੀ ਸ਼ਰਮਾ ਵੱਲੋਂ ਸੜਕ ਨਿਸ਼ਾਨੀਆਂ ਅਤੇ ਰੋਡ ਮਾਰਕਿੰਗਸ ’ਤੇ ਇਕ ਤਕਨੀਕੀ ਸੈਸ਼ਨ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਸੜਕ ਸੰਕੇਤਾਂ, ਲੇਨ ਮਾਰਕਿੰਗ ਅਤੇ ਟਰੈਫਿਕ ਸਾਈਨਜ਼ ਦੀ ਸਹੀ ਸਮਝ ਹਾਦਸਿਆਂ ਤੋਂ ਬਚਾਅ ਅਤੇ ਸੁਚੱਜੀ ਟਰੈਫਿਕ ਵਿਵਸਥਾ ਲਈ ਬਹੁਤ ਜ਼ਰੂਰੀ ਹੈ, ਜਿਸਨੂੰ ਸਾਰੇ ਵਲੰਟੀਅਰਾਂ ਨੇ ਧਿਆਨ ਨਾਲ ਸੁਣਿਆ। ਮਯੰਕ ਫਾਊਂਡੇਸ਼ਨ ਦੇ ਸੰਸਥਾਪਕ ਦੀਪਕ ਸ਼ਰਮਾ ਨੇ ਸੰਬੋਧਨ ਕਰਦਿਆਂ ਸੜਕ ਸੁਰੱਖਿਆ ਦੇ ਨਿਯਮਾਂ ਅਤੇ ਕਾਨੂੰਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਸਾਰੇ ਸੜਕ ਉਪਭੋਗੀਆਂ ਨੂੰ ਜ਼ਿੰਮੇਵਾਰ ਵਰਤਾਓ ਅਪਣਾਉਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਵੱਲੋਂ ਸੜਕ ਸੁਰੱਖਿਆ ਦੀ ਸਹੁੰ ਦਿਵਾਈ ਗਈ, ਜੋ ਸਾਰੇ ਵਲੰਟੀਅਰਾਂ ਵੱਲੋਂ ਸਾਂਝੇ ਤੌਰ ’ਤੇ ਲਈ ਗਈ। ਸੜਕ ਸੁਰੱਖਿਆ ਖੇਤਰ ਵਿਚ ਵਿਸ਼ਾਲ ਅਨੁਭਵ ਰੱਖਣ ਵਾਲੇ ਲਖਵੀਰ ਸਿੰਘ ਨੇ ਵੀ ਆਪਣੇ ਕੀਮਤੀ ਅਤੇ ਵਿਹਾਰਿਕ ਅਨੁਭਵ ਸਾਂਝੇ ਕੀਤੇ, ਜਿਨ੍ਹਾਂ ਨੇ ਸਾਰੇ ਸਵੈਸੇਵਕਾਂ ਦਾ ਖਾਸ ਧਿਆਨ ਖਿੱਚਿਆ। ਉਪਰੰਤ ਚਰਨਜੀਤ ਸਿੰਘ ਨੇ ਉਦੈਪੁਰ ਦੌਰੇ ਦੌਰਾਨ ਹੋਏ ਆਪਣੇ ਤਾਜ਼ਾ ਅਨੁਭਵ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਇਕ ਸੜਕ ਨਿਸ਼ਾਨੀ ਨੂੰ ਨਜ਼ਰਅੰਦਾਜ਼ ਕਰਨ ਅਤੇ ਸਿਰਫ਼ ਗੂਗਲ ਮੈਪ ’ਤੇ ਨਿਰਭਰ ਰਹਿਣ ਕਾਰਨ ਉਨ੍ਹਾਂ ਦੇ ਕਰੀਬ ਚਾਰ ਕੀਮਤੀ ਘੰਟੇ ਵਿਅਰਥ ਹੋ ਗਏ। ਇਸ ਮੌਕੇ ਪੰਜਾਬ ਸਰਕਾਰ ਦੀ ਲੀਡ ਏਜੰਸੀ ਆਨ ਰੋਡ ਸੇਫ਼ਟੀ ਵੱਲੋਂ ਉਪਲਬਧ ਕਰਵਾਈਆਂ ਗਈਆਂ ਸੜਕ ਸੁਰੱਖਿਆ ਸੰਬੰਧੀ ਛਪੀਆਂ ਪੁਸਤਿਕਾਵਾਂ ਵੀ ਸਿਵਲ ਡਿਫੈਂਸ ਵਲੰਟੀਅਰਾਂ ਵਿਚ ਵੰਡੀਆਂ ਗਈਆਂ, ਜਿਸ ਨਾਲ ਉਨ੍ਹਾਂ ਦੀ ਜਾਣਕਾਰੀ ਅਤੇ ਜਾਗਰੂਕਤਾ ਵਿੱਚ ਹੋਰ ਵਾਧਾ ਹੋਇਆ। ਕਾਰਜਕ੍ਰਮ ਦਾ ਸਮਾਪਨ ਇਕ ਸਾਰਥਕ ਵਿਚਾਰ-ਵਟਾਂਦਰੇ ਨਾਲ ਹੋਇਆ, ਜਿਸ ਦੌਰਾਨ ਮਯੰਕ ਫਾਊਂਡੇਸ਼ਨ ਅਤੇ ਸਿਵਲ ਡਿਫੈਂਸ ਵਲੰਟੀਅਰਾਂ ਨੇ ਸੜਕ ਸੁਰੱਖਿਆ ਨੂੰ ਪ੍ਰੋਤਸਾਹਿਤ ਕਰਨ ਅਤੇ ਸੜਕ ਹਾਦਸਿਆਂ ’ਚ ਕਮੀ ਲਿਆਉਣ ਲਈ ਮਿਲਜੁਲ ਕੇ ਕੰਮ ਕਰਨ ਦਾ ਸੰਕਲਪ ਦੁਹਰਾਇਆ।