ਮਯੰਕ ਫਾਊਂਡੇਸ਼ਨ ਵੱਲੋਂ ਬੈਡਮਿੰਟਨ ਖਿਡਾਰਣ ਜਪਲੀਨ ਕੌਰ ਦਾ ਸਨਮਾਨ
ਮਯੰਕ ਫਾਊਂਡੇਸ਼ਨ ਵੱਲੋਂ ਫਿਰੋਜ਼ਪੁਰ ਦੀ ਉਭਰਦੀ ਬੈਡਮਿੰਟਨ ਖਿਡਾਰਣ ਜਪਲੀਨ ਕੌਰ ਦਾ ਸਨਮਾਨ
Publish Date: Sun, 04 Jan 2026 03:47 PM (IST)
Updated Date: Sun, 04 Jan 2026 03:50 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਮਯੰਕ ਫਾਊਂਡੇਸ਼ਨ ਫਿਰੋਜ਼ਪੁਰ ਵੱਲੋਂ ਫਿਰੋਜ਼ਪੁਰ ਦੀ ਪ੍ਰਤਿਭਾਸ਼ਾਲੀ ਅਤੇ ਉਭਰਦੀ ਬੈਡਮਿੰਟਨ ਖਿਡਾਰਣ ਜਪਲੀਨ ਕੌਰ ਨੂੰ ਉਸ ਦੀਆਂ ਸ਼ਾਨਦਾਰ ਖੇਡ ਉਪਲਬੱਧੀਆਂ ਲਈ ਸਨਮਾਨਿਤ ਕੀਤਾ ਗਿਆ। ਜਪਲੀਨ ਕੌਰ ਨੇ ਹਾਲ ਹੀ ਵਿਚ ਭਾਗਲਪੁਰ, ਬਿਹਾਰ ਵਿਚ ਸੰਪੰਨ ਹੋਈ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਰਜਤ ਮੈਡਲ ਜਿੱਤ ਕੇ ਪੰਜਾਬ ਅਤੇ ਫਿਰੋਜ਼ਪੁਰ ਦਾ ਨਾਮ ਰੌਸ਼ਨ ਕੀਤਾ ਹੈ। ਜਪਲੀਨ ਕੌਰ ਚਾਰ ਵਾਰ ਦੀ ਪੰਜਾਬ ਰਾਜ ਚੈਂਪੀਅਨ ਹੈ ਅਤੇ ਉਸਨੇ ਸਿਰਫ਼ 6 ਸਾਲ ਦੀ ਨਿੱਘੀ ਉਮਰ ਵਿਚ ਬੈਡਮਿੰਟਨ ਖੇਡਣੀ ਸ਼ੁਰੂ ਕਰ ਦਿੱਤੀ ਸੀ। ਉਸ ਦੀ ਇਹ ਕਾਮਯਾਬੀ ਕਠਿਨ ਮਿਹਨਤ, ਅਨੁਸ਼ਾਸਨ ਅਤੇ ਲਗਾਤਾਰ ਅਭਿਆਸ ਦਾ ਨਤੀਜਾ ਹੈ। ਜ਼ਿਕਰਯੋਗ ਹੈ ਕਿ ਦਸੰਬਰ 2025 ਵਿਚ ਸੰਪੰਨ ਹੋਏ 8ਵੇਂ ਮਯੰਕ ਸ਼ਰਮਾ ਮੇਮੋਰੀਅਲ ਬੈਡਮਿੰਟਨ ਟੂਰਨਾਮੈਂਟ ਵਿਚ ਵੀ ਜਾਪਲੀਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਸੋਨੇ ਦੇ ਮੈਡਲ ਆਪਣੇ ਨਾਮ ਕੀਤੇ। ਫਾਉਂਡੇਸ਼ਨ ਵੱਲੋਂ 11000 ਰੁਪਏ ਦੀ ਰਾਸ਼ੀ ਅਤੇ ਸਨਮਾਨ ਚਿੰਨ੍ਹ ਨਾਲ ਜਪਲੀਨ ਨੂੰ ਸਨਮਾਨਿਤ ਕੀਤਾ ਗਿਆ। ਮਯੰਕ ਫਾਊਂਡੇਸ਼ਨ ਵੱਲੋਂ ਦੱਸਿਆ ਗਿਆ ਕਿ ਨੌਜਵਾਨ ਬੈਡਮਿੰਟਨ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੀ ਇਹ ਪਹਿਲ ਪਿਛਲੇ ਸਾਲ ਸ਼ੁਰੂ ਕੀਤੀ ਗਈ ਸੀ, ਜਿਸ ਦੀ ਸ਼ੁਰੂਆਤ ਮਾਨਿਆ ਰਲਾਨ ਦੇ ਸਨਮਾਨ ਨਾਲ ਹੋਈ ਸੀ। ਹੁਣ ਇਸਨੂੰ ਇਕ ਪ੍ਰੰਪਰਾ ਦਾ ਰੂਪ ਦੇ ਦਿੱਤਾ ਗਿਆ ਹੈ, ਜਿਸ ਅਧੀਨ ਹਰ ਸਾਲ ਮਯੰਕ ਸ਼ਰਮਾ ਮੈਮੋਰੀਅਲ ਬੈਡਮਿੰਟਨ ਟੂਰਨਾਮੈਂਟ ਦੌਰਾਨ ਉਭਰਦੇ ਖਿਡਾਰੀਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਨੂੰ ਉਤਸਾਹਿਤ ਕੀਤਾ ਜਾਂਦਾ ਹੈ। ਇਸ ਮੌਕੇ ਮਯੰਕ ਫਾਊਂਡੇਸ਼ਨ ਵੱਲੋਂ ਜਾਪਲੀਨ ਕੌਰ ਦੇ ਮਾਤਾ-ਪਿਤਾ ਪੁਨੀਤ ਕੌਰ ਅਤੇ ਜਗਨਦੀਪ ਸਿੰਘ ਅਤੇ ਕੋਚ ਮਨਦੀਪ ਸਿੰਘ ਨੂੰ ਵੀ ਧੀ ਦੀ ਇਸ ਵੱਡੀ ਕਾਮਯਾਬੀ ਲਈ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦੇ ਸਹਿਯੋਗ ਅਤੇ ਮਾਰਗਦਰਸ਼ਨ ਦੀ ਪ੍ਰਸੰਸਾ ਕੀਤੀ ਗਈ।