ਬਿਜਲੀ ਮੁਲਾਜ਼ਮਾਂ ਤੇ ਇੰਜੀਨੀਅਰਾਂ ਦਾ ਪਟਿਆਲਾ ’ਚ ਕੀਤਾ ਮੁਜ਼ਾਹਰਾ
ਬਿਜਲੀ ਮੁਲਾਜ਼ਮਾਂ ਤੇ ਇੰਜੀਨੀਅਰਾਂ ਦਾ ਪਟਿਆਲਾ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ
Publish Date: Thu, 05 Feb 2026 03:43 PM (IST)
Updated Date: Fri, 06 Feb 2026 04:02 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਪੰਜਾਬ ਭਰ ਦੇ ਸੈਂਕੜੇ ਬਿਜਲੀ ਮੁਲਾਜ਼ਮਾਂ, ਇੰਜੀਨੀਅਰਾਂ ਅਤੇ ਪੈਨਸ਼ਨਰਾਂ ਨੇ ‘ਪਾਵਰ ਸੈਕਟਰ ਜੁਆਇੰਟ ਐਕਸ਼ਨ ਕਮੇਟੀ ਦੇ ਬੈਨਰ ਹੇਠ ਪਟਿਆਲਾ ਵਿਖੇ ਪਾਵਰਕੌਮ ਅਤੇ ਟਰਾਂਸਕੋ ਦੇ ਮੁੱਖ ਦਫਤਰਾਂ ਸਾਹਮਣੇ ਸੂਬਾ ਪੱਧਰੀ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਬਿਜਲੀ ਖੇਤਰ ਦੀਆਂ ਕੀਮਤੀ ਜ਼ਮੀਨਾਂ ਵੇਚਣ ਦੀ ਸਰਕਾਰੀ ਯੋਜਨਾ ਅਤੇ ਕੇਂਦਰ ਸਰਕਾਰ ਦੇ ‘ਬਿਜਲੀ ਸੋਧ ਬਿੱਲ 2025’ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਐਕਸ਼ਨ ਕਮੇਟੀ ਦੇ ਆਗੂਆਂ ਇੰਜ. ਅਜੈਪਾਲ ਸਿੰਘ ਅਟਵਾਲ, ਇੰਜ. ਦਵਿੰਦਰ ਸਿੰਘ, ਟੀਐੱਸਯੂ ਦੇ ਆਗੂ ਕੁਲਦੀਪ ਸਿੰਘ ਉਦੋਕੇ, ਹਰਪ੍ਰੀਤ ਸਿੰਘ ਫਰੀਦਕੋਟ ਨੇ ਕਿਹਾ ਕਿ ਸਰਕਾਰ ਪਾਵਰਕੌਮ ਦੀਆਂ ਕੀਮਤੀ ਜ਼ਮੀਨਾਂ ਨੂੰ ਰੀਅਲ ਅਸਟੇਟ ਏਜੰਟਾਂ ਨੂੰ ਵੇਚਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਹ ਜ਼ਮੀਨਾਂ ਨਵੇਂ ਸਬ-ਸਟੇਸ਼ਨਾਂ ਅਤੇ ਬੁਨਿਆਦੀ ਢਾਂਚੇ ਲਈ ਜ਼ਰੂਰੀ ਹਨ। ਇਸ ਦੇ ਨਾਲ ਹੀ ਮੰਗ ਕੀਤੀ ਗਈ ਕਿ ਰੋਪੜ ਵਿਖੇ 800 ਮੈਗਾਵਾਟ ਦੇ ਦੋ ਨਵੇਂ ਸੁਪਰ-ਕ੍ਰਿਟੀਕਲ ਥਰਮਲ ਯੂਨਿਟ ਤੁਰੰਤ ਸਥਾਪਿਤ ਕੀਤੇ ਜਾਣ ਤਾਂ ਜੋ ਪੰਜਾਬ ਬਿਜਲੀ ਪੈਦਾਵਾਰ ਵਿਚ ਆਤਮ-ਨਿਰਭਰ ਹੋ ਸਕੇ।
ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਮੌਜ਼ੂਦਾ ਬਜਟ ਸੈਸ਼ਨ ਵਿਚ ‘ਬਿਜਲੀ ਸੋਧ ਬਿੱਲ 2025’ ਲਿਆ ਕੇ ਬਿਜਲੀ ਖੇਤਰ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ। ਇਸ ਨਾਲ ਗਰੀਬ ਖਪਤਕਾਰਾਂ ਅਤੇ ਕਿਸਾਨਾਂ ਨੂੰ ਮਿਲਦੀ ਸਬਸਿਡੀ ਖ਼ਤਮ ਹੋ ਜਾਵੇਗੀ ਅਤੇ ਬਿਜਲੀ ਦੀਆਂ ਦਰਾਂ ਵਿਚ ਭਾਰੀ ਵਾਧਾ ਹੋਵੇਗਾ। ਧਰਨੇ ਦੌਰਾਨ ਨਵੇਂ ਲੇਬਰ ਕੋਡ ਰੱਦ ਕਰਨ ਅਤੇ ਆਊਟਸੋਰਸਡ ਮੁਲਾਜ਼ਮਾਂ ਲਈ ਪੱਕੀ ਨੀਤੀ ਬਣਾਉਣ ਦੇ ਮਤੇ ਪਾਸ ਕੀਤੇ ਗਏ। ਕਮੇਟੀ ਨੇ ਐਲਾਨ ਕੀਤਾ ਕਿ ਬਿਜਲੀ ਖੇਤਰ ਦੇ ਨਿੱਜੀਕਰਨ ਵਿਰੁੱਧ 12 ਫਰਵਰੀ 2026 ਨੂੰ ਦੇਸ਼ ਵਿਆਪੀ ਹੜਤਾਲ ਕੀਤੀ ਜਾਵੇਗੀ, ਜਿਸ ਵਿਚ ਪੰਜਾਬ ਦੇ ਸਮੂਹ ਮੁਲਾਜ਼ਮ ਵਧ-ਚੜ੍ਹ ਕੇ ਹਿੱਸਾ ਲੈਣਗੇ। ਇਸ ਮੌਕੇ ਫਿਰੋਜ਼ਪੁਰ ਤੋਂ ਵੱਡੀ ਗਿਣਤੀ ਵਿਚ ਸ਼ਾਮਲ ਹੋਏ ਰਮਨਦੀਪ ਸਿੰਘ ਲਾਹੌਰੀਆ, ਸੁਰਿੰਦਰ ਤਰਾਂਗਵਾਲਾ, ਦਰਸ਼ਨ ਸਰਾਵਾਂ, ਸ਼ਿੰਗਾਰ ਚੰਦ, ਰਵੀ ਸ਼ਰਮਾ ਤੋਂ ਇਲਾਵਾ ਪੰਜਾਬ ਦੇ ਮੁਲਾਜ਼ਮ ਹਾਜ਼ਰ ਸਨ।