ਸੁਰਜੀਤ ਮੈਮੋਰੀਅਲ ਕਾਲਜ ਤੋਂ ਜੇਸੀਪੀ ਹੂਸੈਨੀਵਾਲਾ ਤੱਕ ਮੈਰਾਥਨ 22 ਨੂੰ
ਸੁਰਜੀਤ ਮੈਮੋਰੀਅਲ ਕਾਲਜ ਤੋਂ ਜੇਸੀਪੀ ਹੂਸੈਨੀਵਾਲਾ ਤੱਕ ਮੈਰਾਥਨ 22 ਮਾਰਚ ਨੂੰ : ਦੀਪਸ਼ਿਖਾ ਸ਼ਰਮਾ
Publish Date: Tue, 17 Mar 2026 03:26 PM (IST)
Updated Date: Tue, 17 Mar 2026 03:28 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 22 ਮਾਰਚ 2026 ਨੂੰ ਸਵੇਰੇ 5.30 ਵਜੇ ਤੋਂ ਸਵੇਰੇ 7.30 ਵਜੇ ਸੁਰਜੀਤ ਮੈਮੋਰੀਅਲ ਕਾਲਜ ਮੋਗਾ ਰੋਡ ਫ਼ਿਰੋਜ਼ਪੁਰ ਤੋਂ ਜੇਸੀਪੀ ਹੂਸੈਨੀਵਾਲਾ ਫ਼ਿਰੋਜ਼ਪੁਰ ਤੱਕ ਬੀਐੱਸਐੱਫ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਮੈਰਾਥਨ ਦਾ ਆਯੋਜਨ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਕਾਰਵਾਈ ਜਾ ਰਹੀ ਇਸ ਮੈਰਾਥਨ ਦਾ ਮੁੱਖ ਉਦੇਸ਼ ਲੋਕਾਂ ਵਿਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਦਿਆਂ ਖੇਡਾਂ ਅਤੇ ਤੰਦਰੁਸਤ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਨਾ ਹੈ। ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਕਿਹਾ ਕਿ ਸਮੂਹ ਵਿਭਾਗਾਂ ਨੂੰ ਮੈਰਾਥਨ ਦੌਰਾਨ ਸੁਰੱਖਿਆ, ਟਰੈਫਿਕ ਪ੍ਰਬੰਧ ਅਤੇ ਮੈਡੀਕਲ ਸਹੂਲਤਾਂ ਸਮੇਤ ਹਰ ਤਰ੍ਹਾਂ ਦੇ ਇੰਤਜ਼ਾਮ ਯਕੀਨੀ ਬਣਾਏ ਜਾਣ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ, ਤਾਂ ਜੋ ਭਾਗ ਲੈਣ ਵਾਲਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ। ਉਨ੍ਹਾਂ ਜ਼ਿਲ੍ਹੇ ਦੇ ਨੌਜਵਾਨਾਂ, ਵਿਦਿਆਰਥੀਆਂ, ਖਿਡਾਰੀਆਂ, ਸਮਾਜਿਕ ਸੰਸਥਾਵਾਂ ਅਤੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੈਰਾਥਨ ਵਿਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਇਸਨੂੰ ਸਫ਼ਲ ਬਣਾਉਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਸਮਾਗਮ ਨਾ ਸਿਰਫ਼ ਸਿਹਤਮੰਦ ਸਮਾਜ ਦੀ ਨਿਰਮਾਣ ਵਿਚ ਯੋਗਦਾਨ ਪਾਉਂਦੇ ਹਨ, ਸਗੋਂ ਸਮਾਜਿਕ ਏਕਤਾ ਅਤੇ ਜਾਗਰੂਕਤਾ ਨੂੰ ਵੀ ਮਜ਼ਬੂਤ ਵੀ ਕਰਦੇ ਹਨ।