ਜ਼ਿਲ੍ਹਾ ਫਿਰੋਜ਼ਪੁਰ ’ਚ 85.35 ਫੀਸਦੀ ਦੀ ਮੈਪਿੰਗ ਮੁਕੰਮਲ
ਪ੍ਰੀ-ਐੱਸਆਈਆਰ ਜ਼ਿਲ੍ਹਾ ਫਿਰੋਜ਼ਪੁਰ ਵਿਚ 2003 ਦੇ ਵੋਟਰਾਂ ਵਿੱਚੋਂ 85.35 ਫੀਸਦੀ ਦੀ ਮੈਪਿੰਗ ਮੁਕੰਮਲ: ਜ਼ਿਲ੍ਹਾ ਚੋਣ ਅਧਿਕਾਰੀ
Publish Date: Fri, 24 Apr 2026 04:46 PM (IST)
Updated Date: Fri, 24 Apr 2026 04:49 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਪ੍ਰੀ-ਵਿਸ਼ੇਸ਼ ਵਿਆਪਕ ਸੁਧਾਈ (ਐੱਸਆਈਆਰ) ਮੁਹਿੰਮ ਤਹਿਤ 2025 ਦੇ ਵੋਟਰਾਂ ਦਾ ਮਿਲਾਨ 2003 ਦੀ ਵੋਟਰ ਸੂਚੀ ਦੇ ਨਾਲ ਕੀਤਾ ਜਾ ਰਿਹਾ ਹੈ। ਫਿਰੋਜ਼ਪੁਰ ਜ਼ਿਲ੍ਹੇ ਵਿਖੇ 85.35 ਫੀਸਦੀ ਵੋਟਰਾਂ ਦੀ ਮੈਪਿੰਗ ਕੀਤੀ ਜਾ ਚੁੱਕੀ ਹੈ। ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਪ੍ਰੀ-ਐੱਸਆਈਆਰ ਦੇ ਕੰਮ ਦੀ ਸਮੀਖਿਆ ਕਰਨ ਉਪਰੰਤ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਵੱਲੋਂ ਸੂਚਿਤ ਕੀਤਾ ਗਿਆ ਕਿ ਭਾਰਤ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ 2003 ਦੀ ਵੋਟਰ ਸੂਚੀ ਦੇ ਵੋਟਰਾਂ ਦਾ ਡਾਟਾ ਬੀਐੱਲਉਜ਼ ਰਾਹੀਂ ਤਸਦੀਕ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੂਥ ਲੈਵਲ ਅਫ਼ਸਰਾਂ (ਬੀਐੱਲਓਜ਼) ਨਾਲ ਸਹਿਯੋਗ ਕਰਨ, ਜੋ ਆਪਣੇ-ਆਪਣੇ ਖੇਤਰਾਂ ਵਿਚ ਜਾ ਕੇ ਵੋਟਰਾਂ ਨਾਲ ਸੰਪਰਕ ਕਰਕੇ ਪ੍ਰੀ-ਐੱਸਆਈਆਰ ਦੌਰਾਨ ਵੋਟਰ ਮੈਪਿੰਗ ਕਰ ਰਹੇ ਹਨ। ਉਨ੍ਹਾਂ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਨੂੰ ਹੁਕਮ ਦਿੱਤੇ ਕਿ ਜ਼ੀਰਾ, ਫ਼ਿਰੋਜ਼ਪੁਰ ਸ਼ਹਿਰੀ, ਫਿਰੋਜ਼ਪੁਰ ਦਿਹਾਤੀ ਅਤੇ ਗੁਰੂਹਰਸਹਾਏ ਹਲਕਿਆਂ ਵਿਚ ਪੇਂਡੂ ਬੂਥਾਂ ਦੀ 100 ਫੀਸਦੀ ਵੋਟਰਾਂ ਦੀ ਮੈਪਿੰਗ ਯਕੀਨੀ ਬਣਾਈ ਜਾਵੇ। ਜ਼ਿਲ੍ਹਾ ਚੋਣ ਅਧਿਕਾਰੀ ਨੇ ਹੋਰ ਦੱਸਿਆ ਕਿ ਹੁਣ ਤੱਕ ਜ਼ੀਰਾ ਵਿਚ 84.70 ਫੀਸਦੀ, ਫਿਰੋਜ਼ਪੁਰ ਸ਼ਹਿਰੀ ਵਿਚ 73.88 ਫੀਸਦੀ, ਫਿਰੋਜ਼ਪੁਰ ਦਿਹਾਤੀ ਵਿਚ 92.24 ਫੀਸਦੀ ਅਤੇ ਗੁਰੂ ਹਰਸਹਾਏ ਵਿਚ 89.92 ਫੀਸਦੀ ਵੋਟਰਾਂ ਦੀ ਮੈਪਿੰਗ ਹੋ ਚੁੱਕੀ ਹੈ। ਉਨ੍ਹਾਂ ਫਿਰੋਜ਼ਪੁਰ ਜ਼ਿਲੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਹੁਕਮਾਂ ਅਨੁਸਾਰ ਆਪਣੀ ਵੋਟ ਬੀਐੱਲਓ ਰਾਹੀਂ ਤਸਦੀਕ ਕਰਵਾਉਣ। ਮੈਪਿੰਗ ਲਈ ਵੋਟਰ ਆਪਣੇ ਸਬੰਧਤ ਬੀਐੱਲਓਜ਼ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੂਹ ਚੋਣ ਹਲਕਿਆਂ ਵਿਚ ਬੀਐੱਲਓਜ਼ ਵੱਲੋਂ 25 ਅਪ੍ਰੈਲ 2026 (ਸ਼ਨੀਵਾਰ) ਅਤੇ 26 ਅਪ੍ਰੈਲ 2026 (ਐਤਵਾਰ) ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸਪੈਸ਼ਲ ਕੈਂਪ ਦੇ ਤਹਿਤ ਆਪਣੇ-ਆਪਣੇ ਪੋਲਿੰਗ ਬੂਥ ਦਾ ਦੌਰਾ ਕੀਤਾ ਜਾਵੇਗਾ ਅਤੇ ਉਨ੍ਹਾਂ ਵੱਲੋਂ ਮੈਪਿੰਗ ਦਾ ਕੰਮ ਡੌਰ-ਟੂ-ਡੌਰ ਕੀਤਾ ਜਾਵੇਗਾ। ਇਸ ਸਬੰਧ ਵਿਚ ਆਮ ਜਨਤਾ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਬੀਐੱਲਓਜ਼ ਨੂੰ ਵੱਧ ਵੱਧ ਤੋਂ ਸਹਿਯੋਗ ਦਿੱਤਾ ਜਾਵੇ ਤਾਂ ਜੋ 100 ਫ਼ੀਸਦੀ ਮੈਪਿੰਗ ਦਾ ਟੀਚਾ ਪੂਰਾ ਹੋ ਸਕੇ।