ਫੈਕਟਰੀ ਤੋਂ ਘਰ ਪਰਤ ਰਹੇ ਵਿਅਕਤੀ ਦੀ ਸੜਕ ਹਾਦਸੇ ’ਚ ਮੌਤ
ਫੈਕਟਰੀ ਤੋਂ ਘਰ ਪਰਤ ਰਹੇ ਸੜਕ ਹਾਦਸੇ ’ਚ ਵਿਅਕਤੀ ਦੀ ਮੌਤ, ਪੁਲਿਸ ਵੱਲੋਂ ਜਾਂਚ ਸ਼ੁਰੂ
Publish Date: Sat, 10 Jan 2026 03:56 PM (IST)
Updated Date: Sat, 10 Jan 2026 04:00 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਜ਼ੀਰਾ ਦੇ ਫਿਰੋਜ਼ਪੁਰ ਰੋਡ ’ਤੇ ਬੀਤੀ ਦੇਰ ਸ਼ਾਮ ਇਕ ਸੜਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਇਸ ਹਾਦਸੇ ਵਿਚ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਛੱਤਰ ਸਿੰਘ (53), ਪੁੱਤਰ ਗੁਰਨੇਕ ਸਿੰਘ ਨਿਵਾਸੀ ਪਿੰਡ ਮੱਲੋਕੇ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਨਛੱਤਰ ਸਿੰਘ ਨੇੜਲੇ ਪਿੰਡ ਫੇਰੋਕੇ ਵਿਖੇ ਸਥਿਤ ਇਕ ਇੰਟਰਲਾਕ ਟਾਇਲ ਫੈਕਟਰੀ ਵਿਚ ਕੰਮ ਕਰਦਾ ਸੀ। ਰੋਜ਼ਾਨਾ ਦੀ ਤਰ੍ਹਾਂ ਬੀਤੀ ਸ਼ਾਮ ਕਰੀਬ 7 ਵਜੇ ਦੇ ਕਰੀਬ ਉਹ ਆਪਣੀ ਡਿਊਟੀ ਖਤਮ ਕਰਕੇ ਆਪਣੇ ਪਲਟੀਨਾ ਮੋਟਰਸਾਈਕਲ ਨੰਬਰ ਪੀਬੀ-47ਡੀ-6623) ’ਤੇ ਸਵਾਰ ਹੋ ਕੇ ਵਾਪਸ ਆਪਣੇ ਪਿੰਡ ਮੱਲੋਕੇ ਜਾ ਰਿਹਾ ਸੀ। ਜਦੋਂ ਉਹ ਜ਼ੀਰਾ ਦੇ ਫਿਰੋਜ਼ਪੁਰ ਰੋਡ ’ਤੇ ਸਥਿਤ ਸੁਖਮਨੀ ਹਸਪਤਾਲ ਦੇ ਨਜ਼ਦੀਕ ਪਹੁੰਚਿਆ, ਤਾਂ ਇਕ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੇ ਉਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਨਛੱਤਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਤੁਰੰਤ ਬਾਅਦ ਮੌਕੇ ’ਤੇ ਮੌਜ਼ੂਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਮ੍ਰਿਤਕ ਦੀ ਲਾਸ਼ ਨੂੰ ਸਿਵਿਲ ਹਸਪਤਾਲ ਜੀਰਾ ਵਿਖੇ ਲਿਜਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਅਣਪਛਾਤਾ ਵਾਹਨ ਚਾਲਕ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ।