ਸੰਘਣੀ ਧੁੰਦ ਕਾਰਨ ਕਾਰ ਖੇਤਾਂ ’ਚ ਪਲਟੀ, ਵਾਲ-ਵਾਲ ਬਚੇ ਸਵਾਰ
ਸੰਘਣੀ ਧੁੰਦ ਕਾਰਨ ਹੋਣ ਵਾਲਾ ਵੱਡਾ ਹਾਦਸਾ ਟਲਿਆ
Publish Date: Sat, 03 Jan 2026 04:28 PM (IST)
Updated Date: Sat, 03 Jan 2026 04:35 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੱਲਾਂਵਾਲਾਂ: ਫਿਰੋਜ਼ਪੁਰ ਰੋਡ ’ਤੇ ਰੋਪੜ ਨਹਿਰ ਦੇ ਨਜ਼ਦੀਕ ਬੀਤੀ ਰਾਤ ਕਰੀਬ 9 ਵਜੇ ਸੰਘਣੀ ਧੁੰਦ ਕਾਰਨ ਇਕ ਹਾਦਸਾ ਵਾਪਰ ਗਿਆ। ਧੁੰਦ ਜ਼ਿਆਦਾ ਹੋਣ ਕਾਰਨ ਡਰਾਈਵਰ ਨੂੰ ਨਹਿਰ ਦੇ ਪੁੱਲ ਦਾ ਭੁਲੇਖਾ ਪੈ ਗਿਆ, ਜਿਸ ਨਾਲ ਇਕ ਕਾਰ ਸੜਕ ਤੋਂ ਫਿਸਲ ਕੇ ਖੇਤਾਂ ਵਿਚ ਜਾ ਪਲਟੀ। ਕਾਰ ਵਿਚ ਸਵਾਰ ਤਿੰਨ ਨੌਜਵਾਨ ਅੰਮ੍ਰਿਤਸਰ ਤੋਂ ਵਾਪਸ ਫਿਰੋਜ਼ਪੁਰ ਆਪਣੇ ਘਰ ਜਾ ਰਹੇ ਸਨ। ਹਾਦਸੇ ਦੌਰਾਨ ਤਿੰਨਾਂ ਨੌਜਵਾਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਦਕਿ ਕੋਈ ਵੀ ਗੰਭੀਰ ਜ਼ਖ਼ਮੀ ਨਹੀਂ ਹੋਇਆ। ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਨੌਜਵਾਨ ਰਿਹਾਨ ਨੇ ਦੱਸਿਆ ਕਿ ਉਸ ਦਾ ਦੋਸਤ ਗੱਡੀ ਚਲਾ ਰਿਹਾ ਸੀ। ਸੰਘਣੀ ਧੁੰਦ ਕਾਰਨ ਸੜਕ ਨਜ਼ਰ ਨਹੀਂ ਆ ਰਹੀ ਸੀ ਕਿ ਮੋੜ ਦਾ ਭੁਲੇਖਾ ਪੈ ਗਿਆ ਅਤੇ ਸਾਹਮਣੇ ਤੋਂ ਆ ਰਹੀਆਂ ਗੱਡੀਆਂ ਦੀਆਂ ਲਾਈਟਾਂ ਧੁੰਦ ਵਿਚ ਅੱਖਾਂ ’ਚ ਵੱਜਣ ਕਾਰਨ ਡਰਾਈਵਰ ਸੰਤੁਲਨ ਗੁਆ ਬੈਠਾ, ਜਿਸ ਨਾਲ ਗੱਡੀ ਖੇਤਾਂ ਵਿਚ ਪਲਟ ਗਈ। ਜਾਣਕਾਰੀ ਅਨੁਸਾਰ ਰੋਪੜ ਨਹਿਰ ਤੋਂ ਲੈ ਕੇ ਸੋਢੇ ਵਾਲੇ ਇਲਾਕੇ ਤੱਕ ਸੜਕ ਦੀ ਹਾਲਤ ਕਾਫੀ ਖਰਾਬ ਹੈ। ਸੜਕ ਦੇ ਨਿਸ਼ਾਨ ਨਾ ਹੋਣ ਅਤੇ ਰਸਤਾ ਟੁੱਟਾ ਹੋਣ ਕਾਰਨ ਧੁੰਦ ਵਿਚ ਸਫ਼ਰ ਕਰਨਾ ਖਤਰਨਾਕ ਬਣ ਜਾਂਦਾ ਹੈ। ਹਾਦਸੇ ਵਿਚ ਕਾਰ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ ਹੈ। ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਧੁੰਦ ਦੇ ਮੌਸਮ ਨੂੰ ਦੇਖਦੇ ਹੋਏ ਚੇਤਾਵਨੀ ਬੋਰਡ ਅਤੇ ਰਿਫਲੈਕਟਰ ਲਗਾਏ ਜਾਣ।