- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਦੀ ਘੱਟ ਨਫ਼ਰੀ , ਦੂਰ ਤੱਕ ਉੱਡਦੇ ਡਰੋਨ ਤੇ ਹਥਿਆਰ ਵੇਚਦੀਆਂ ਔਰਤਾਂ ਖਤਰੇ ਦੀ ਘੰਟੀ !

ਪਰਮਿੰਦਰ ਸਿੰਘ ਥਿੰਦ , ਪੰਜਾਬੀ ਜਾਗਰਣ , ਫਿਰੋਜ਼ਪੁਰ ; ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਵਿੱਚ ਸਫਲਤਾ ਹਾਸਲ ਕਰਦਿਆਂ ਫਿਰੋਜ਼ਪੁਰ ਪੁਲਿਸ ਨੇ ਭਾਵੇਂ ਅਪ੍ਰੈਲ ਦੇ ਪਹਿਲੇ 15 ਦਿਨਾਂ ਵਿੱਚ ਹੀ 15 ਵੱਡੇ ਨਸ਼ਾ ਤਸਕਰਾਂ , ਗੈਂਗਸਟਰਾਂ ਅਤੇ ਅਸਲਾ ਸਪਲਾਇਰਾਂ ਨੂੰ ਕਾਬੂ ਕਰਕੇ ਨਸ਼ੇ ਅਤੇ ਹਥਿਆਰਾਂ ਦੀ ਵੱਡੀ ਬਰਾਮਦਗੀ ਕੀਤੀ ਹੈ,ਪਰ ਇੰਨ੍ਹਾਂ ਕਾਰਵਾਈਆਂ ਦੌਰਾਨ ਕਈ ਹੈਰਾਨ ਅਤੇ ਪਰੇਸ਼ਾਨ ਕਰਨ ਵਾਲੇ ਮਾਮਲੇ ਵੀ ਸਾਹਮਣੇ ਆਏ ਹਨ। ਪੁਲਿਸ ਦੀ ਇਸ ਬਰਾਮਦਗੀ ਦੌਰਾਨ ਜੇਲ੍ਹ ਬੈਠੇ ਇਕ ਨਸ਼ਾ ਤਸਕਰ ਦੀਆਂ ਹਦਾਇਤਾਂ ’ਤੇ ਹਥਿਆਰਾਂ ਅਤੇ ਨਸ਼ੇ ਨਾਲ ਡੀਲ ਕਰਦੀ ਬਾਹਰ ਬੈਠੀ ਇੱਕ ਔਰਤ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਤਾਂ ਬੀਐੱਸਐੱਫ ਦੇ ਐਂਟੀ ਡਰੋਨ ਸਿਸਟਮ ਨੂੰ ਚੱਕਮਾ ਦੇ ਕੇ ਪਾਕਿਸਤਾਨੋਂ ਆਏ ਇਕ ਡਰੋਨ ਦੀ ਸਰਹੱਦ ਤੋਂ 15 ਕਿੱਲੋਮੀਟਰ ਅੰਦਰ ਹੋਈ ਕਰੈਸ਼ ਲੈਂਡਿੰਗ ਆਉਣ ਵਾਲੇ ਵੱਡੇ ਖਤਰਿਆਂ ਦੀ ਪੇਸ਼ਨਗੋਈ ਕਰ ਗਈ । ਇਸ ਦੇ ਨਾਲ ਹੀ ਘੱਟ ਨਫ਼ਰੀ ਨਾਲ ਗੁਜਾਰਾ ਕਰ ਰਹੇ ਪੰਜਾਬ ਪੁਲਿਸ ਮਹਿਕਮੇ ਸਾਹਮਣੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਵੀ ਸਾਹਮਣੇ ਹੀ ਨਜ਼ਰ ਆ ਰਹੀਆਂ ਹਨ। ਬਹਿਰਹਾਲ ਜ਼ਿਲ੍ਹਾ ਪੁਲਿਸ ਨੇ ਅਪ੍ਰੈਲ ਮਹੀਨੇ ਦੇ ਪਹਿਲੇ 15 ਦਿਨਾਂ ਵਿੱਚ ਹੀ 21 ਕਿੱਲੋ ਹੈਰੋਇਨ, 7 ਪਿਸਟਲ , 7 ਮੋਬਾਈਲ,ਤੇ 34 ਸਿੰਮ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ । ਇਸ ਵਿੱਚ ਸ਼ਹਿਜ਼ਾਦ ਭੱਟੀ ਵੱਲੋਂ ਭੇਜੇ ਡਰੋਨ ਤੇ ਹੈਰੋਇਨ ਵੀ ਸ਼ਾਮਲ ਹੈ । ਫਿਰੋਜ਼ਪੁਰ ਦੇ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਅਪ੍ਰੈਲ ਮਹੀਨੇ ਵਿਚ ਪੁਲਿਸ ਨੇ ਦੋ ਪ੍ਰਮੁੱਖ ਮੁਹਿੰਮਾਂ ‘ਯੁੱਧ ਨਸ਼ਿਆਂ ਵਿਰੁੱਧ’ ਅਤੇ ‘ਗੈਂਗਸਟਰਾਂ ’ਤੇ ਵਾਰ’ ਤਹਿਤ ਕਾਰਵਾਈ ਕਰਦਿਆਂ 15 ਵੱਡੇ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਭੇਜਿਆ ਹੈ।
---
ਪੁਲਿਸ ਵੱਲੋਂ ਬਰਾਮਦ ਸਿੰਮ ਕਾਰਡਾਂ ਤੋਂ ਵਿਦੇਸ਼ਾਂ ’ਚ ਹੁੰਦੀ ਸੀ ਗੱਲਬਾਤ
---ਜ਼ਿਲ੍ਹਾ ਪੁਲਿਸ ਮੁਖੀ ਭੂਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਵੱਲੋਂ ਬੀਤੇ ਦਿਨੀਂ ਬਰਾਮਦ 34 ਸਿੰਮ ਕਾਰਡਾਂ ਵਿੱਚੋਂ ਜ਼ਿਆਦਾਤਰ ਤੋਂ ਪਾਕਿਸਤਾਨ ਅਤੇ ਵਿਦੇਸ਼ਾਂ ਵਿੱਚ ਵੀ ਗੱਲਬਾਤ ਹੋਈ ਹੈ। ਇਸੇ ਤਰ੍ਹਾਂ ਪੁਲਿਸ ਦੀ ਤਫਤੀਸ਼ ਵਿੱਚ ਸਾਹਮਣੇ ਆਇਆ ਕਿ ਥਾਣਾ ਸਦਰ ਵਿੱਚ ਦਰਜ ਮੁਕੱਦਮਾ ਨੰਬਰ 126 ਵਿੱਚ ‘540 ਗ੍ਰਾਮ ਹੈਰੋਇਨ ਸਮੇਤ ਬਰਾਮਦ ਪਾਕਿਸਤਾਨੋਂ ਆਇਆ ਡਰੋਨ’ ਮਸ਼ਹੂਰ ਪਾਕਿਸਤਾਨੀ ਡਾਨ ਸ਼ਹਿਜਾਦ ਭੱਟੀ ਵੱਲੋਂ ਭੇਜਿਆ ਗਿਆ ਸੀ ।
----
ਹਥਿਆਰਾਂ ਤੇ ਨਸ਼ਾ ਤਸਕਰੀ ’ਚ ਵਧ ਰਹੀ ਹੈ ਔਰਤਾਂ ਦੀ ਸ਼ਮੂਲੀਅਤ
ਪੁਲਿਸ ਮੁਖੀ ਨੇ ਕ੍ਰਾਈਮ ਵਿਚ ਵੱਧ ਰਹੀ ਮਹਿਲਾਵਾਂ ਦੀ ਸ਼ਮੂਲੀਅਤ ’ਤੇ ਵੀ ਚਿੰਤਾ ਜਤਾਉਂਦਿਆਂ ਦੱਸਿਆ ਕਿ ਥਾਣਾ ਸਦਰ ਵਿਖੇ ਦਰਜ ਮੁਕੱਦਮਾ ਨੰਬਰ 127 ਦੀ ਮੁੱਖ ਮੁਲਜ਼ਮ ਸਵਰਨ ਕੌਰ ਨਾਂਅ ਦੀ ਇਕ ਔਰਤ ਹੈ , ਜੋ ਜੇਲ੍ਹ ਅੰਦਰ ਬੈਠੇ ਆਪਣੇ ਲੜਕੇ ਗੁਰਵਿੰਦਰ ਸਿੰਘ ਦੀਆਂ ਹਦਾਇਤਾਂ ’ਤੇ ਕੰਮ ਕਰ ਰਹੀ ਸੀ ਅਤੇ 2 ਗਲੌਕ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤੀ ਗਈ ਸੀ।
---
ਕੌਮਾਂਤਰੀ ਸਰਹੱਦ ਤੋਂ 15 ਕਿਲੋਮੀਟਰ ਅੰਦਰ ਪਾਕਿਸਤਾਨ ਡਰੋਨ ਦੀ ‘ ਕਰੈਸ਼ ਲੈਂਡਿੰਗ ’ !
ਇਸੇ ਤਰਾਂ ਬੀਤੇ ਦਿਨੀਂ ਇੱਕ ਪਾਕਿਸਤਾਨੀ ਡਰੋਨ ਦੀ ਹਿੰਦ ਪਾਕਿ ਕੌਮਾਂਤਰੀ ਸਰਹੱਦ ਤੋਂ 15 ਕਿਲੋਮੀਟਰ ਅੰਦਰ ਮੱਲਾਂਵਾਲਾ ਦੇ ਪਿੰਡ ਕੋਹਾਲਾ ਕੋਲ ਹੋਈ ਕਰੈਸ਼ ਲੈਂਡਿੰਗ ਨੇ ਜਿਥੇ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧਾ ਦਿੱਤੀ ਹੈ, ਉਥੇ,ਉਥੇ ਬੀਐਸਐਫ ਦੇ ਐਂਟੀ ਡਰੋਨ ਸਿਸਟਮ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਲਿਆ ਖੜ੍ਹਾ ਕੀਤਾ ਹੈ।