ਸਾਹਿਤ ਕਲਾ ਤੇ ਪੁਸਤਕ ਮੇਲਾ ਭਲ਼ਕੇ
ਸਾਹਿਤ ਕਲਾ ਤੇ ਪੁਸਤਕ ਮੇਲਾ ਇਕ ਮਾਰਚ ਨੂੰ
Publish Date: Fri, 27 Feb 2026 04:25 PM (IST)
Updated Date: Fri, 27 Feb 2026 04:28 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਦਲਜੀਤ ਰਾਏ ਕਾਲੀਆ ਪ੍ਰਧਾਨ ਅਤੇ ਗੁਰਚਰਨ ਸਿੰਘ ਨੂਰਪੁਰ ਸਰਪ੍ਰਸਤ ਸਾਹਿਤ ਸਭਾ ਜ਼ੀਰਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਕ ਮਾਰਚ 2026 ਦਿਨ ਐਤਵਾਰ ਨੂੰ ਸਾਹਿਤ ਸਭਾ ਜ਼ੀਰਾ ਵੱਲੋਂ ਜੀਵਨ ਮੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ (ਨੇੜੇ ਬੱਸ ਸਟੈਂਡ) ਵਿਖੇ ਸਾਲਾਨਾ ਸਾਹਿਤ ਕਲਾ ਤੇ ਪੁਸਤਕ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿਚ ਪੰਜਾਬੀ ਦੇ ਨਾਮਵਰ ਸਾਹਿਤਕਾਰ/ ਕਹਾਣੀਕਾਰ ਸਾਂਵਲ ਧਾਮੀ ਨੂੰ ਗੁੱਜਰ ਸਿੰਘ ਗਿੱਲ ਅਵਾਰਡ ਨਾਲ ਸਨਮਾਨਿਆ ਜਾਵੇਗਾ। ਰੁੱਖਾਂ ਦਾ ਰਾਖਾ ਅਵਾਰਡ ਸਾਹਿਤਕਾਰ ਅਤੇ ਵਾਤਾਵਰਨ ਪ੍ਰੇਮੀ ਹਰਭਿੰਦਰ ਸਿੰਘ ਸੰਧੂ ਨੂੰ ਦਿੱਤਾ ਜਾਵੇਗਾ। ਸਭਾ ਪ੍ਰਤੀ ਵਧੀਆ ਕਾਰਗੁਜ਼ਾਰੀ ਲਈ ਤਾਰਾ ਸਿੰਘ ਫੌਜ਼ੀ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਸਮਾਗਮ ਦੌਰਾਨ ਸਭਾ ਦੇ ਸੀਨੀਅਰ ਮੈਂਬਰ ਉੱਘੇ ਸਾਹਿਤਕਾਰ ਲੈਕਚਰਾਰ ਨਰਿੰਦਰ ਸਿੰਘ ਜ਼ੀਰਾ ਦੀ ਪੁਸਤਕ ਜੂਝਦਾ ਜਿਉਂਦਾ ਪੰਜਾਬ ਲੋਕ ਅਰਪਣ ਕੀਤੀ ਜਾਵੇਗੀ। ਮੇਲੇ ਦੌਰਾਨ ਲੱਗਣ ਵਾਲੀਆਂ ਪੁਸਤਕ ਅਤੇ ਕਲਾ ਪ੍ਰਦਰਸ਼ਨੀਆਂ ਵਿਸ਼ੇਸ਼ ਖਿੱਚ ਦੀਆਂ ਕੇਂਦਰ ਹੋਣਗੀਆਂ। ਕਲਾ ਪ੍ਰਦਰਸ਼ਨੀ ਲਗਾਉਣ ਲਈ ਉਚੇਚੇ ਤੌਰ ’ਤੇ ਜਗਤਾਰ ਸਿੰਘ ਸੋਖੀ ਪਹੁੰਚ ਰਹੇ ਹਨ। ਊੜਾ ਪ੍ਰਕਾਸ਼ਨ ਮੋਗਾ ਅਤੇ ਲਵਪ੍ਰੀਤ ਸਿੰਘ ਫੇਰੋਕੇ ਵੱਲੋਂ ਪੁਸਤਕ ਪ੍ਰਦਰਸ਼ਨੀਆਂ ਅਤੇ ਸਟਾਲ ਲਾਏ ਜਾਣਗੇ।