‘ਲੈਪਟੋਸਪਾਇਰੋਸਿਸ ਬੈਕਟੀਰੀਆ’ ਕਾਰਨ ਹੋਈ ਸੀ 11 ਸਾਲਾ ਬੱਚੀ ਦੀ ਮੌਤ ਤੇ 12 ਬੱਚੇ ਬਿਮਾਰ
‘ ਲੈਪਟੋਸਪਾਇਰੋਸਿਸ ਬੈਕਟੀਰੀਆ’ ਕਾਰਣ ਹੋਈ ਸੀ 11 ਸਾਲਾ ਬੱਚੀ ਦੀ ਮੌਤ ਤੇ 12 ਬੱਚੇ ਬੀਮਾਰ
Publish Date: Sat, 28 Feb 2026 07:34 PM (IST)
Updated Date: Sat, 28 Feb 2026 07:34 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਬੀਤੇ ਵੀਰਵਾਰ ਨੂੰ ਸਰਹੱਦੀ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਹੋਈ ਇਕ ਬੱਚੀ ਦੀ ਮੌਤ ਅਤੇ 12 ਬੱਚਿਆਂ ਦੇ ਪੀਲੀਆ ਹੋਣ ਦਾ ਕਾਰਣ ‘ ਲੈਪਟੋਸਪਾਇਰੋਸਿਸ ਬੈਕਟੀਰੀਆ’ ਦੱਸਿਆ ਜਾ ਰਿਹਾ ਹੈ ।ਹੈਰਾਨੀਜਨਕ ਪਹਿਲੂ ਇਹ ਹੈ ਕਿ ਬੱਚਿਆਂ ਵਿਚ ਇਹ ਬੀਮਾਰੀ ਪਿੰਡ ਦੇ ਅੋਵਰਫਲੋਅ ਹੋਏ ਛੱਪੜ ਤੋਂ ਸਕੂਲ ਦੇ ਰਾਹ ’ਤੇ ਖੜੇ ਹੋਏ ਪਾਣੀ ਕਾਰਣ ਆਈ ਹੈ। ਪਿੰਡ ਵਿਚ ਇਸ ਕਦਰ ਬੱਚਿਆਂ ਦੇ ਬੀਮਾਰ ਹੋਣ ਮਗਰੋਂ ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਪਿੰਡ ਵਿਚ ਲਗਾਤਾਰ ਕੈਂਪ ਲਗਾ ਕੇ ਪੀਣ ਵਾਲੇ ਪਾਣੀ ,ਅੋ ਆਰ ਐਸ ਅਤੇ ਧਰਤੀ ਹੇਠਲੇ ਪਾਣੀ ਨੂੰ ਚੈਕ ਕਰਨ ਆਦਿ ’ਤੇ ਫੌਕਸ ਕੀਤਾ ਜਾ ਰਿਹਾ ਸੀ ,ਪਰ ਬੀਮਾਰੀ ਦਾ ਅਸਲ ਕਾਰਣ ਸਕੂਲ ਦੇ ਬਾਹਰ ਖੜਾ ਛੱਪੜ ਦਾ ਪਾਣੀ ਹੈ। ਇਸ ਸਬੰਧੀ ਸਿਹਤ ਵਿਭਾਗ ਦੇ ਮਾਹਿਰਾਂ ਨੇ ਦੱਸਿਆ ਕਿ ਬੀਮਾਰ 12 ਬੱਚਿਆਂ ਦੇ ਜਦੋਂ ‘ਲੈਪਟੋਸਪਾਇਰੋਸਿਸ ਟੈਸਟ’ ਕੀਤਾ ਤਾਂ ਸੱਭ ਦੇ ਇਹ ਪਾਜ਼ਿਟਿਵ ਆਇਆ । ਇਥੇ ਪਿੰਡ ਦੀ ਸਰਪੰਚੀ ਦਾ ਨਿਜ਼ਾਮ ਵੇਖ ਰਹੇ ਲੋਕਾਂ ਅਤੇ ਸਰਕਾਰੀ ਸਕੂਲ ਦੇ ਅਮਲੇ ਦੇ ਪੱਖ ਤੋਂ ਵੀ ਕਿੰਨੀਂ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਉਧਰ ਬਾਰਿਸ਼ ,ਛੱਪੜ ਜਾਂ ਸੀਵਰੇਜ਼ ਦੇ ਪਾਣੀ ਨੂੰ ਸੂਭੈਅਕੀ ਲੈਣ ਵਾਲੇ ਲੋਕ ਵੀ ਹੈਰਾਨ ਹੋ ਰਹੇ ਹਨ ਕਿ ਇਹ ਕਿਹੜੀ ਬਲਾਅ ਆ ਗਈ ਹੈ। ਜਿਕਰਯੋਗ ਹੈ ਕਿ ਬੀਤੇ ਵੀਰਵਾਰ ਨੂੰ ਸਕੂਲ ਦੀ 11 ਸਾਲਾ ਬੱਚੀ ਦੀ ਮੌਤ ਹੋਣ ਅਤੇ ਪਿੰਡ ਦੇ 12 ਹੋਰ ਬੱਚਿਆਂ ਦੇ ਪੀਲੀਆ ਹੋਣ ਮਗਰੋਂ ਪੱਬਾਂ ਭਾਰ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਦੀਆਂ ਕਈ ਟੀਮਾਂ ਪਿੰਡ ਭੇਜ ਕੇ ਵੱਖ ਵੱਖ ਢੰਗ ਨਾਲ ਬਚਾਅ ਕਾਰਜ ਅਤੇ ਸੈਂਪਲਿੰਗ ਆਰੰਭ ਕਰ ਦਿੱਤੀ ਗਈ ਸੀ। ਸਿਵਲ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪ੍ਰਭਾਵਿਤ ਲੋਕਾਂ ਨੂੰ ਇਲਾਜ ਮੁਹੱਈਆ ਕੀਤਾ ਜਾ ਸਕੇ। ਇਸ ਤੋਂ ਇਲਾਵਾ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਛੱਪੜ ਦੀ ਸਫ਼ਾਈ ਕਾਰਵਾਈ ਜਾ ਰਹੀ ਹੈ। ਮੈਡੀਕਲ ਕੈਂਪ ਦੌਰਾਨ ਹੁਣ ਤੱਕ 576 ਲੋਕਾਂ ਦੀ ਜਾਂਚ ਕੀਤੀ ਗਈ ਹੈ ਅਤੇ 367 ਲੋਕਾਂ ਦੇ ਟੈਸਟ ਕੀਤੇ ਗਏ ਹਨ। ਇਸ ਸਬੰਧੀ ਐਸਡੀਐਮ ਲਿੰਦਿਆ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਗਠਿਤ ਕੀਤੀਆਂ 30 ਟੀਮਾਂ ਵੱਲੋਂ ਘਰ-ਘਰ ਜਾ ਕੇ ਸਰਵੇ ਕੀਤਾ ਜਾ ਰਿਹਾ ਹੈ ਅਤੇ ਸਾਫ਼ ਪਾਣੀ ਲਈ 9 ਹਜ਼ਾਰ ਕਲੋਰੀਨ ਦੀਆਂ ਗੋਲੀਆਂ ਅਤੇ 400 ਓਆਰਐੱਸ ਦੇ ਪੈਕੇਟ ਵੰਡੇ ਗਏ ਹਨ। ਕੀ ਹੈ ਲੈਪਟੋਸਪਾਇਰੋਸਿਸ ਲੈਪਟੋਸਪਾਇਰੋਸਿਸ ਇੱਕ ਜ਼ੂਨੋਟਿਕ (ਜਾਨਵਰਾਂ ਤੋਂ ਫੈਲਣ ਵਾਲੀ) ਬੈਕਟੀਰੀਅਲ ਬਿਮਾਰੀ ਹੈ ਜੋ ਲੈਪਟੋਸਪਾਇਰਾ ਇੰਟਰੋਗਨਸ ਨਾਮਕ ਬੈਕਟੀਰੀਆ ਕਾਰਨ ਹੁੰਦੀ ਹੈ। ਇਹ ਬਿਮਾਰੀ ਸੰਕਰਮਿਤ ਜਾਨਵਰਾਂ (ਜਿਵੇਂ ਕਿ ਚੂਹੇ, ਪਸ਼ੂ ਅਤੇ ਪਾਲਤੂ ਜਾਨਵਰ) ਦੇ ਪਿਸ਼ਾਬ ਨਾਲ ਦੂਸ਼ਿਤ ਹੋਏ ਪਾਣੀ ਜਾਂ ਮਿੱਟੀ ਰਾਹੀਂ ਮਨੁੱਖਾਂ ਵਿੱਚ ਫੈਲਦੀ ਹੈ। ਬੱਚਿਆਂ ਦੀ ਸੈਂਪਲਿੰਗ ਕਰਨ ਵਾਲੇ ਸਿਹਤ ਵਿਭਾਗ ਦੇ ਮਾਹਿਰਾਂ ਨੇ ਦੱਸਿਆ ਚੂਹਿਆਂ ਦੇ ਮੂਤਰ ਕਾਰਣ ਸਕੂਲ ਦੇ ਬਾਹਰ ਖੜੇ ਪਾਣੀ ’ਚ ਇਹ ‘ਲੈਪਟੋਸਪਾਇਰੋਸਿਸ ਬੈਕਟੀਰੀਆ’ ਫੈਲਿਆ ਹੋ ਸੱਕਦਾ ਹੈ। ਛੱਪੜ ਦੇ ਅੋਵਰਫਲੋਅ ਕਾਰਣ ਇਹ ਪਾਣੀ ਸਕੂਲ ਦੇ ਬਾਹਰ ਪਿਛਲੇ ਕਈ ਦਿਨਾਂ ਤੋਂ ਖੜਾ ਸੀ । ‘ਲੈਪਟੋਸਪਾਇਰੋਸਿਸ ਬੈਕਟੀਰੀਆ’ ਦੇ ਲੱਛਣ ਤੇ ਫੈਲਾਅ ਸਿਹਤ ਵਿਭਾਗ ਦੇ ਮਾਹਿਰਾਂ ਅਨੁਸਾਰ ਇਹ ਬੈਕਟੀਰੀਆ ਚਮੜੀ ਤੇ ਲੱਗੇ ਜ਼ਖਮਾਂ ਜਾਂ ਕੱਟਾਂ ,ਅੱਖਾਂ, ਨੱਕ ਜਾਂ ਮੂੰਹ ਰਾਹੀਂ ਸਰੀਰ ਵਿੱਚ ਦਾਖਲ ਹੁੰਦੇ ਹਨ। ਇਸ ਦੇ ਲੱਛਣ ਹਲਕੇ ਫਲੂ ਵਰਗੇ ਬੁਖਾਰ ਤੋਂ ਲੈ ਕੇ ਗੰਭੀਰ ਅਤੇ ਜਾਨਲੇਵਾ ਹੋ ਸਕਦੇ ਹਨ। ਤੇਜ਼ ਬੁਖਾਰ, ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ , ਅੱਖਾਂ ਦਾ ਲਾਲ ਹੋਣਾ, ਜੀਅ ਕੱਚਾ ਹੋਣਾ ਅਤੇ ਉਲਟੀਆਂ। ਗੰਭੀਰ ਸਥਿਤੀ ਵਿਚ ਪੀਲੀਆ , ਗੁਰਦੇ ਫੇਲ੍ਹ ਹੋਣਾ, ਲਿਵਰ ਦੀ ਖਰਾਬੀ, ਦਿਮਾਗੀ ਬੁਖਾਰ , ਅਤੇ ਫੇਫੜਿਆਂ ਵਿੱਚ ਸਮੱਸਿਆ ਹੋਣਾ ਆਮ ਜਿਹੀ ਗੱਲ ਹੈ।