ਪੇਂਡੂ ਅਦਾਲਤਾਂ ਅਤੇ ਡਿਫੈਂਸ ਕੌਂਸਲ ਸਿਸਟਮ ‘ਅਪਰਾਧੀਆਂ ਲਈ ਢਾਲ’ : ਵਕੀਲ ਭਾਈਚਾਰਾ
ਚੋਰ-ਉਚੱਕਿਆਂ ਨੂੰ ਮੁਫ਼ਤ ‘ਲੀਗਲ ਏਡ’ ਖ਼ਿਲਾਫ਼ ਵਕੀਲਾਂ ਦਾ ਧਰਨਾ ਜਾਰੀ — ਦੂਜੇ ਦਿਨ ਵੀ ਅਦਾਲਤਾਂ ਠੱਪ
Publish Date: Fri, 06 Feb 2026 07:18 PM (IST)
Updated Date: Fri, 06 Feb 2026 07:20 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਚੋਰ-ਉਚੱਕਿਆਂ ,ਨਸ਼ੇ ਦੇ ਤਸਕਰਾਂ ਅਤੇ ਹੋਰ ਗੈਰ ਸਮਾਜੀ ਅਨਸਰਾਂ ਨੂੰ ਮੁਫ਼ਤ ‘ਲੀਗਲ ਏਡ’ ਦਿੱਤੇ ਜਾਣ ਖ਼ਿਲਾਫ਼ ਵਕੀਲਾਂ ਵੱਲੋਂ ਵੀਰਵਾਰ ਨੂੰ ਸ਼ੁਰੂ ਕੀਤਾ ਗਿਆ ਤਿੰਨ ਦਿਨਾਂ ਧਰਨਾ ਸ਼ੁੱਕਰਵਾਰ ਦੂਜੇ ਦਿਨ ਵੀ ਜਾਰੀ ਰਿਹਾ। ਪੰਜਾਬ ਅਤੇ ਹਰਿਆਣਾ ਦੇ ਵਕੀਲਾਂ ਵੱਲੋਂ ਦਿੱਤੀ ਇਸ ਤਿੰਨ ਦਿਨਾਂ ਹੜਤਾਲ ਦੀ ਕਾਲ ਦੇ ਦੂਜੇ ਦਿਨ ਵੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਦੇ ਵਕੀਲਾਂ ਨੇ ਮੁਕੰਮਲ ਹੜਤਾਲ ਰੱਖਦਿਆਂ ਅਦਾਲਤੀ ਕੰਮਕਾਜ ਪੂਰੀ ਤਰ੍ਹਾਂ ਠੱਪ ਕਰ ਦਿੱਤਾ। ਜ਼ਿਲ੍ਹਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਦੇ ਪ੍ਰਧਾਨ ਐਡਵੋਕੇਟ ਲਵਜੀਤਪਾਲ ਸਿੰਘ ਟੂਰਨਾ ਦੀ ਅਗਵਾਈ ਹੇਠ ਕੀਤੇ ਇਸ ਬੰਦ ਦੌਰਾਨ ਸਥਾਨਕ ਅਦਾਲਤ ਕੰਪਲੈਕਸ ਵਿਚ ਰੋਸ ਪ੍ਰਦਰਸ਼ਨ ਕਰਦਿਆਂ ਵਕੀਲਾਂ ਨੇ ਜਿਥੇ ਸਰਕਾਰ ਦੀ ਫਰੀ ਲੀਗਲ ਏਡ ਤੇ ਡਿਫੈਂਸ ਕੌਂਸਲ ਨੀਤੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ, ਉਥੇ ਪੇਂਡੂ ਅਦਾਲਤਾਂ ਦੇ ਮਾੜੇ ਨਤੀਜਿਆਂ ਸਬੰਧੀ ਵੀ ਜਾਣਕਾਰੀ ਦਿੱਤੀ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਲਵਜੀਤਪਾਲ ਸਿੰਘ ਟੂਰਨਾ ਅਤੇ ਹੋਰ ਬੁਲਾਰਿਆਂ ਨੇ ਆਖਿਆ ਕਿ ਮੁਫ਼ਤ ਕਨੂੰਨੀ ਸਹਾਇਤਾ ਦੇ ਨਾਂ ’ਤੇ ਚੋਰ-ਉਚੱਕਿਆਂ, ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਵਰਗੇ ਗੈਰ ਸਮਾਜੀ ਅਨਸਰਾਂ ਨੂੰ ਸਹੂਲਤਾਂ ਦੇ ਕੇ ਸਰਕਾਰ ਉਨ੍ਹਾਂ ਦੇ ਹੌਸਲੇ ਹੋਰ ਬੁਲੰਦ ਕਰ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਤਰ੍ਹਾਂ ਦੀਆਂ ਨੀਤੀਆਂ ਕਾਰਨ ਸਮਾਜ ਵਿੱਚ ਅਪਰਾਧਕ ਗਤੀਵਿਧੀਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਫਰੀ ਲੀਗਲ ਏਡ ਸਿਸਟਮ ਨਿਆਂ ਦੀ ਥਾਂ ਅਪਰਾਧੀਆਂ ਲਈ ਢਾਲ ਬਣਦਾ ਜਾ ਰਿਹਾ ਹੈ। ਪੇਂਡੂ ਅਦਾਲਤਾਂ ਸਥਾਪਿਤ ਕਰਨ ਦੇ ਫੈਸਲੇ ’ਤੇ ਵੀ ਵਕੀਲਾਂ ਨੇ ਸਖ਼ਤ ਐਤਰਾਜ਼ ਜਤਾਇਆ ਅਤੇ ਕਿਹਾ ਕਿ ਇਹ ਫੈਸਲਾ ਨਿਆਂ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਬਜਾਏ ਹੋਰ ਗੁੰਝਲਦਾਰ ਬਣਾਏਗਾ। ਉਨ੍ਹਾਂ ਅਨੁਸਾਰ ਬਿਨਾਂ ਵਕੀਲ ਭਾਈਚਾਰੇ ਦੀ ਸਲਾਹ ਲਏ ਅਜਿਹੇ ਫੈਸਲੇ ਲਾਗੂ ਕਰਨਾ ਗਲਤ ਹੈ।ਹੜਤਾਲ ਦੌਰਾਨ ਭਾਵੇਂ ਸਾਰੇ ਵਕੀਲਾਂ ਨੇ ਅਦਾਲਤਾਂ ਵਿਚ ਹਾਜਰੀ ਨਹੀਂ ਭਰੀ ਪਰ ਜਿੰਨ੍ਹਾਂ ਲੋਕਾਂ ਦੀਆਂ ਇੰਨ੍ਹਾਂ ਦਿਨਾਂ ਵਿਚ ਤਰੀਕਾਂ ਸਨ , ਉਨ੍ਹਾਂ ਵਾਸਤੇ ਅਗਲੀਆਂ ਤਰੀਕਾਂ ਲੈਣ ਦੇ ਇੰਤਜ਼ਾਮ ਕੀਤੇ ਗਏ ਸਨ। ਵਕੀਲ ਆਗੂਆਂ ਨੇ ਦੱਸਿਆ ਕਿ ਹਰ ਪੇਸ਼ੇ ਤਰਾਂ ਵਕਾਲਤ ਦੇ ਪੇਸ਼ੇ ਵਿਚ ਵੀ ਚੁਣੌਤੀਆਂ ਵੱਧਦੀਆਂ ਜਾ ਰਹੀਆਂ ਹਨ,ਉਤੋਂ ਸਰਕਾਰਾਂ ਵੱਲੋਂ ਵਕੀਲਾਂ ਨੂੰ ਭਰੋਸੇ ਵਿਚ ਲਏ ਬਿਨ੍ਹਾਂ ਲੈ ਜਾਣ ਵਾਲੇ ਫੈਸਲੇ ਘਾਤਕ ਸਿੱਧ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ ਅਤੇ ਹਰਿਆਣਾ ਵਿੱਚ ਇਹ ਤਿੰਨ ਦਿਨਾਂ ਹੜਤਾਲ ਮੁਕੰਮਲ ਕਾਮਯਾਬੀ ਨਾਲ ਚੱਲ ਰਹੀ ਹੈ। ਜੇ ਸਰਕਾਰ ਵਿਵਾਦਤ ਨੀਤੀਆਂ ਵਾਪਸ ਨਹੀਂ ਲੈਂਦੀ, ਇਹ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ। ਫਿਰੋਜ਼ਪੁਰ ਫੇਰੀ ਦੌਰਾਨ ਰਾਜਪਾਲ ਨੂੰ ਮਿਲੇਗਾ ਇਕ ਵਫਦ : ਰੋਹਿਤ ਅਰੋੜਾ ਬੀਤੇ ਦਿਨੀਂ ਫਿਰੋਜ਼ਪੁਰ ਵਿਚ ‘ਲਾਅ ਐਂਡ ਆਰਡਰ ’ ਦੇ ਮਸਲੇ ’ਤੇ ਇਕੱਤਰ ਹੋਏ ਸ਼ਹਿਰੀਆਂ ਵਿਚ ਪ੍ਰਮੁੱਖਤਾ ਨਾਲ ਸ਼ਾਮਲ ਐਡਵੋਕੇਟ ਰੋਹਿਤ ਅਰੋੜਾ ਨੇ ਇਸ ਸਬੰਧੀ ‘ਪੰਜਾਬੀ ਜਾਗਰਣ’ ਨਾਲ ਗੱਲ ਕਰਦਿਆਂ ਦੱਸਿਆ ਕਿ ਆਉਂਦੀ 10 ਫਰਵਰੀ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਫਿਰੋਜ਼ਪੁਰ ਫੇਰੀ ਦੌਰਾਨ ਇਕ ਵਫਦ ਰਾਜਪਾਲ ਨੂੰ ਮਿਲ ਕੇ ਮਸਲਾ ਉਨ੍ਹਾਂ ਅੱਗੇ ਵੀ ਰੱਖੇਗਾ ।