ਚੋਰਾਂ ,ਡਕੈਤਾਂ ਅਤੇ ਨਸ਼ੇੜੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਦੇਣ ਤੋਂ ਅੱਕੇ ਵਕੀਲਾਂ ਨੇ ਸੂਬੇ ਭਰ ’ਚ ਕੀਤੀ ਹੜਤਾਲ
ਮੁਫਤ ਕਨੂੰਨੀ ਸਹਾਇਤ ਕਾਰਣ ਵਕੀਲਾਂ ਨੇ ਸੂਬੇ ਭਰ ’ਚ ਕੀਤੀ ਹੜਤਾਲ
Publish Date: Thu, 05 Feb 2026 07:03 PM (IST)
Updated Date: Fri, 06 Feb 2026 04:08 AM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਣ, ਫਿਰੋਜ਼ਪੁਰ: ਚੋਰਾਂ ,ਡਕੈਤਾਂ ,ਨਸ਼ੇੜੀਆਂ ਅਤੇ ਹੋਰ ਗੈਰ ਸਮਾਜੀ ਅਨਸਰਾਂ ਨੂੰ ਮੁਫਤ ਕਨੂੰਨੀ ਸਹਾਇਤਾ ਮੁਹੱਈਆ ਕਰਵਾਏ ਜਾਣ ਤੋਂ ਅੱਕੇ ਪੰਜਾਬ ਅਤੇ ਹਰਿਆਣਾ ਭਰ ਦੇ ਵਕੀਲ ਭਾਈਚਾਰੇ ਵੱਲੋਂ ਤਿੰਨ ਦਿਨਾਂ ਹੜਤਾਲ ਸ਼ੁਰੂ ਕੀਤੀ ਗਈ ਹੈ। ਵਕੀਲਾਂ ਦਾ ਤਰਕ ਹੈ ਕਿ ਗੈਰ ਸਮਾਜੀ ਅਨਸਰਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਏ ਜਾਣ ਨਾਲ ਪੇਸ਼ੇਵਰ ਅਪਰਾਧੀਆਂ ਦੇ ਹੌਸਲੇ ਵਧ ਰਹੇ । ਇਸੇ ਕਾਰਨ ਪੰਜਾਬ ਅਤੇ ਹਰਿਆਣਾ ਦੇ ਵਕੀਲਾਂ ਵੱਲੋਂ 5 ਤੋਂ 7 ਫਰਵਰੀ ਤਕ ਤਿੰਨ ਰੋਜ਼ਾ ਹੜਤਾਲ ਸ਼ੁਰੂ ਕੀਤੀ ਗਈ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਲਵਜੀਤਪਾਲ ਸਿੰਘ ਟੂਰਨਾ ਦੀ ਅਗਵਾਈ ਹੇਠ ਵੀਰਵਾਰ ਨੂੰ ਸ਼ੁਰੂ ਕੀਤੀ ਤਿੰਨ ਦਿਨਾਂ ਹੜਤਾਲ ਦੇ ਪਹਿਲੇ ਦਿਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਦੇ ਵਕੀਲਾਂ ਨੇ ਅਦਾਲਤੀ ਕੰਮ-ਕਾਜ ਦਾ ਮੁਕੰਮਲ ਬਾਈਕਾਟ ਕਰਦਿਆਂ ਫਿਰੋਜ਼ਪੁਰ ਕੋਰਟ ਕੰਪਲੈਕਸ ਵਿਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵਕੀਲਾਂ ਨੇ ਮੌਜ਼ੂਦਾ ਲੀਗਲ ਏਡ ਸਿਸਟਮ, ਡਿਫੈਂਸ ਕੌਂਸਲ ਅਤੇ ਸਰਕਾਰ ਵੱਲੋਂ ਪਿੰਡਾਂ ਵਿਚ ਗ੍ਰਾਮੀਣ ਅਦਾਲਤਾਂ ਸਥਾਪਤ ਕਰਨ ਦੇ ਫੈਸਲੇ ਦਾ ਸਖ਼ਤ ਵਿਰੋਧ ਜਤਾਇਆ। ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਲਵਜੀਤਪਾਲ ਸਿੰਘ ਟੂਰਨਾ ਅਤੇ ਹੋਰ ਵਕੀਲਾਂ ਨੇ ਗੰਭੀਰ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਫ੍ਰੀ ਲੀਗਲ ਏਡ ਸਿਸਟਮ ਅਸਲ ਵਿੱਚ ਸਮਾਜ ਵਿਰੋਧੀ ਅਨਸਰਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਵਕੀਲਾਂ ਮੁਤਾਬਕ, ਇਸ ਪ੍ਰਣਾਲੀ ਦਾ 90 ਫੀਸਦੀ ਫਾਇਦਾ ਉਹ ਪੇਸ਼ੇਵਰ ਅਪਰਾਧੀ, ਗੈਂਗਸਟਰ, ਲੁਟੇਰੇ ਅਤੇ ਨਸ਼ਾ ਤਸਕਰ ਉਠਾ ਰਹੇ ਹਨ, ਜਿਨ੍ਹਾਂ ਦੇ ਮਨਾਂ ’ਚੋਂ ਕਾਨੂੰਨ ਦਾ ਡਰ ਖ਼ਤਮ ਹੋ ਚੁੱਕਾ ਹੈ। ਮੁਫ਼ਤ ਵਕੀਲ ਅਤੇ ਆਸਾਨੀ ਨਾਲ ਮਿਲ ਰਹੀ ਜ਼ਮਾਨਤ ਕਾਰਨ ਇਹ ਅਪਰਾਧੀ ਜੇਲ੍ਹ ਵਿੱਚੋਂ ਬਾਹਰ ਆ ਕੇ ਮੁੜ ਕਤਲ, ਫਿਰੌਤੀ ਅਤੇ ਲੁੱਟ-ਖੋਹ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਵਕੀਲ ਭਾਈਚਾਰੇ ਨੇ ਸਰਕਾਰ ਵੱਲੋਂ ਪਿੰਡਾਂ ਵਿੱਚ ਅਦਾਲਤਾਂ ਖੋਲ੍ਹਣ ਦੇ ਫੈਸਲੇ ਨੂੰ ਬੇਲੋੜਾ ਅਤੇ ਗਲਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਪਹਿਲਾਂ ਹੀ ਜ਼ਿਲ੍ਹਾ ਅਤੇ ਸਬ-ਡਿਵੀਜ਼ਨ ਪੱਧਰ ’ਤੇ ਅਦਾਲਤਾਂ ਸੁਚਾਰੂ ਢੰਗ ਨਾਲ ਕੰਮ ਕਰ ਰਹੀਆਂ ਹਨ, ਤਾਂ ਪਿੰਡਾਂ ਵਿੱਚ ਅਦਾਲਤਾਂ ਸਥਾਪਤ ਕਰਨ ਦਾ ਕੋਈ ਤਰਕ ਨਹੀਂ ਬਣਦਾ। ਇਸ ਨਾਲ ਨਾ ਸਿਰਫ਼ ਕਾਨੂੰਨੀ ਪ੍ਰਕਿਰਿਆ ਉਲਝੇਗੀ, ਸਗੋਂ ਇਸਦਾ ਫਾਇਦਾ ਵੀ ਅਪਰਾਧਿਕ ਬਿਰਤੀ ਵਾਲੇ ਲੋਕਾਂ ਨੂੰ ਹੀ ਹੋਵੇਗਾ। ਪ੍ਰਧਾਨ ਲਵਜੀਤ ਸਿੰਘ ਟੁਰਨਾ ਨੇ ਦੱਸਿਆ ਕਿ ਇਹ ਹੜਤਾਲ 6 ਅਤੇ 7 ਫਰਵਰੀ ਨੂੰ ਵੀ ਜਾਰੀ ਰਹੇਗੀ। 7 ਫਰਵਰੀ ਤੋਂ ਬਾਅਦ ਸੂਬਾ ਪੱਧਰੀ ਮੀਟਿੰਗ ਕੀਤੀ ਜਾਵੇਗੀ, ਜਿਸ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਅਗਲੀ ਰਣਨੀਤੀ ਉਲੀਕੀ ਜਾਵੇਗੀ। --- ਗੈਂਗਸਟਰ ਨਸ਼ਾ ਤਸਕਰ ਤੇ ਚੋਰ ਉਚੱਕੇ ਲੈ ਰਹੇ ਹਨ ਇਸ ਕਨੂੰਨ ਦਾ ਫਾਇਦਾ ਲਵਜੀਤਪਾਲ ਸਿੰਘ ਟੁਰਨਾਬਾਰ ਐਸੋਸੀਏਸ਼ਨ ਦੇ ਪ੍ਰਧਾਨ ਲਵਜੀਤਪਾਲ ਸਿੰਘ ਟੁਰਨਾ ਅਤੇ ਵਕੀਲ ਰੋਹਿਤ ਅਰੋੜਾ ਨੇ ਦੱਸਿਆ ਕਿ ਫਰੀ ਲੀਗਲ ਏਡ ਦਾ ਫਾਇਦਾ ਜ਼ਿਆਦਾਤਰ ਪੇਸ਼ੇਵਰ ਅਪਰਾਧੀ,ਗੈਂਗਸਟਰ ,ਨਸ਼ਾ ਤਸਕਰ ਅਤੇ ਚੋਰ ਉਚੱਕੇ ਲੈ ਰਹੇ ਹਨ। ਉਨ੍ਹਾਂ ਨੂੰ ਫਰੀ ਵਿਚ ਵਕੀਲ ਮਿਲਣ ਨਾਲ ਅਤੇ ਸੌਖੀ ਜਮਾਨਤ ਮਿਲਣ ਨਾਲ ਉਨ੍ਹਾਂ ਦੇ ਹੌਸਲੇ ਵੱਧ ਹੋ ਰਹੇ ਹਨ ਅਤੇ ਕਾਨੂੰਨ ਦਾ ਡਰ ਖ਼ਤਮ ਹੋ ਚੁੱਕਾ ਹੈ। ਮੁਫ਼ਤ ਵਕੀਲ ਅਤੇ ਆਸਾਨੀ ਨਾਲ ਮਿਲ ਰਹੀ ਜ਼ਮਾਨਤ ਕਾਰਨ ਇਹ ਅਪਰਾਧੀ ਜੇਲ੍ਹ ਵਿੱਚੋਂ ਬਾਹਰ ਆ ਕੇ ਮੁੜ ਕਤਲ, ਫਿਰੌਤੀ ਅਤੇ ਲੁੱਟ-ਖੋਹ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਇਹੋ ਕਾਰਨ ਹੈ ਕਿ ਕ੍ਰਾਈਮ ਰੇਟ ਵੱਧ ਰਿਹਾ ਹੈ।