ਥਾਣੇ ਅੰਦਰ ਹੀ ‘ਲਾਅ ਐਂਡ ਆਰਡਰ’ ਕਤਲ...!
ਥਾਣੇ ਅੰਦਰ ਹੀ ‘ਲਾਅ ਐਂਡ ਆਰਡਰ ’ ਕਤਲ !
Publish Date: Sun, 05 Apr 2026 05:31 PM (IST)
Updated Date: Sun, 05 Apr 2026 05:34 PM (IST)

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ ਫਿਰੋਜ਼ਪੁਰ : ਬੀਤੇ ਲੰਮੇਂ ਸਮੇਂ ਤੋਂ ਸੁਰਖੀਆਂ ’ਚ ਚੱਲੇ ਆ ਰਹੇ ਥਾਣਾ ਸਿਟੀ ਵਿਖੇ ਬੀਤੀ ਦੇਰ ਸ਼ਾਮ ਸਾਹਮਣੇ ਆਏ ਮੰਜਰ ਨੇ ‘ਲਾਅ ਐਂਡ ਆਰਡਰ’ ਦੀ ਅਸਲ ਸੱਚਾਈ ਸਭ ਦੇ ਸਾਹਮਣੇ ਨੰਗੀ ਕਰਕੇ ਰੱਖ ਦਿੱਤੀ ਹੈ। ਥਾਣਾ ਸਿਟੀ ਦਾ ਐੱਸਐੱਚਓ ਕਸ਼ਮੀਰ ਸਿੰਘ ਤੇ ਏਐਸਆਈ ਰਮਨ ਕੁਮਾਰ ਦੋਵੇਂ ਵਰਦੀਧਾਰੀ ਅਧਿਕਾਰੀ ਥਾਣੇ ਲਿਆਂਦੇ ਕਿਸੇ ਮੁਜ਼ਰਿਮ ਨੂੰ ਲੈ ਕੇ ਆਪਸ ’ਚ ਭਿੜ ਗਏ ਤੇ ਮਾਮਲਾ ਹੱਥਾਪਾਈ ਤੱਕ ਪਹੁੰਚ ਗਿਆ।ਇਸ ਮਾਮਲੇ ਦਾ ਇਕ ਵੀਡੀੳ ਤੇਜੀ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਸਾਫ਼ ਦਿਖ ਰਿਹਾ ਹੈ ਕਿ ਏਐਸਆਈ ਰਮਨ ਕੁਮਾਰ ਆਪਣੇ ਹੀ ਐਸਐਚੳ ਕਸ਼ਮੀਰ ਸਿੰਘ ਨਾਲ ਤਿੱਖੀ ਬਹਿਸ ਕਰਦਾ ਨਜ਼ਰ ਆ ਰਿਹਾ ਹੈ। ਦੋਸ਼ ਇਹ ਕਿ ਏਐਸਆਈ ਰਮਨ ਕੁਮਾਰ ਵੱਲੋਂ ਫੜ ਕੇ ਲਿਆਂਦੇ ਗਏ ਮੁਲਜ਼ਮ ਨੂੰ ਥਾਣਾ ਮੁਖੀ ਜਬਰੀ ਛੁਡਵਾ ਕੇ ਲੈ ਗਿਆ। ਇਥੋਂ ਤੱਕ ਕਿ ਇਸ ਖਿੱਚਤਾਣ ਦੌਰਾਨ ਦੀ ਰਮਨ ਕੁਮਾਰ ਦੀ ਵਰਦੀ ’ਤੇ ਲੱਗੀ ਨੇਮ ਪਲੇਟ ਤੱਕ ਪਾੜ ਦਿੱਤੀ ਗਈ, ਜੋ ਕਿ ਸਿਰਫ ਇੱਕ ਨਿਜੀ ਬੇਇੱਜ਼ਤੀ ਨਹੀਂ, ਸਗੋਂ ਪੂਰੇ ਸਿਸਟਮ ਦੀ ਤੌਹੀਨ ਹੈ। ਇਸ ਸਬੰਧੀ ਏਐਸਆਈ ਰਮਨ ਕੁਮਾਰ ਦਾ ਸਾਫ਼ ਕਹਿਣਾ ਹੈ ਕਿ ਉਹ ਆਪਣੀ ਡਿਊਟੀ ਨਿਭਾਅ ਰਿਹਾ ਸੀ ਅਤੇ ਇੱਕ ਦਰਜ ਮਾਮਲੇ ਵਿੱਚ ਮੁਲਜ਼ਮ ਤੋਂ ਪੁੱਛਗਿੱਛ ਕਰ ਰਿਹਾ ਸੀ ਪਰ ਥਾਣਾ ਮੁਖੀ ਇੰਸ. ਕਸ਼ਮੀਰ ਸਿੰਘ ਨੇ ਅਚਾਨਕ ਦਖਲ ਦੇ ਕੇ ਨਾ ਸਿਰਫ ਤਫਤੀਸ਼ ਵਿੱਚ ਰੁਕਾਵਟ ਪਾਈ, ਸਗੋਂ ਜਬਰੀ ਮੁਲਜ਼ਮ ਨੂੰ ਛੁਡਵਾ ਲਿਆ। ਉਸਦੇ ਅਨੁਸਾਰ ਇਹ ਸਿੱਧਾ-ਸਿੱਧਾ ਇਨਸਾਫ਼ ਨਾਲ ਖਿਲਵਾੜ ਹੈ। ਦੂਜੇ ਪਾਸੇ ਇੰਸ. ਕਸ਼ਮੀਰ ਸਿੰਘ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦਾ ਹੋਇਆ ਕਹਿੰਦਾ ਹੈ ਕਿ ਜਿਸ ਵਿਅਕਤੀ ਨੂੰ ਫੜਿਆ ਗਿਆ ਸੀ, ਉਹ ਬੇਗੁਨਾਹ ਸੀ ਅਤੇ ਉਸਨੂੰ ਕਾਨੂੰਨੀ ਤੌਰ ’ਤੇ ਰਾਹਤ ਦੇਣਾ ਲਾਜ਼ਮੀ ਸੀ। ਕਸ਼ਮੀਰ ਸਿੰਘ ਨੇ ਉਲਟਾ ਰਮਨ ਕੁਮਾਰ ਉੱਤੇ ਹੀ ਬਦਸਲੂਕੀ ਅਤੇ ਅਨੁਸ਼ਾਸਨਹੀਣਤਾ ਦੇ ਇਲਜ਼ਾਮ ਲਗਾ ਦਿੱਤੇ ਹਨ। ਬਹਿਰਹਾਲ ਮਾਮਲਾ ਹੁਣ ਉੱਚ ਅਧਿਕਾਰੀਆਂ ਤੱਕ ਪਹੁੰਚ ਚੁੱਕਾ ਹੈ।