ਕਾਨੂੰਨ-ਵਿਵਸਥਾ ਫੇਲ੍ਹ, ਬਦਲੇ ਖੋਰੀ ਹਾਵੀ : ਕੁਲਬੀਰ ਜ਼ੀਰਾ
ਕਾਨੂੰਨ-ਵਿਵਸਥਾ ਫੇਲ੍ਹ, ਬਦਲੇ ਖੋਰੀ ਹਾਵੀ: ਕੁਲਬੀਰ ਸਿੰਘ ਜ਼ੀਰਾ
Publish Date: Mon, 23 Feb 2026 05:49 PM (IST)
Updated Date: Mon, 23 Feb 2026 05:52 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਕਾਂਗਰਸ ਕਮੇਟੀ ਫਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਤਿੱਖੇ ਸ਼ਬਦਾਂ ਵਿਚ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਦੇ ਘਰ ਦੀ ਦੀਵਾਰ ਢਾਹੁਣ ਲਈ ਪੰਚਾਇਤ ਵਿਭਾਗ ਵੱਲੋਂ ਬਿਨਾਂ ਕੋਈ ਨੋਟਿਸ ਜਾਰੀ ਕੀਤੇ ਪ੍ਰਸ਼ਾਸਨ ਨੂੰ ਭੇਜਣਾ ਸਿਰਫ਼ ਪ੍ਰਸ਼ਾਸਨਿਕ ਕਾਰਵਾਈ ਨਹੀਂ, ਸਗੋਂ ਖੁੱਲ੍ਹੀ ਰਾਜਨੀਤਿਕ ਬਦਲੇਖੋਰੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਕ ਚੁਣੇ ਹੋਏ ਵਿਧਾਇਕ ਅਤੇ ਸਾਬਕਾ ਲੀਡਰ ਆਫ ਓਪੋਜ਼ੀਸ਼ਨ ਨਾਲ ਇਸ ਤਰ੍ਹਾਂ ਦਾ ਵਰਤਾਅ ਲੋਕਤੰਤਰਿਕ ਮਰਿਆਦਾ ’ਤੇ ਸਿੱਧਾ ਹਮਲਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਵਿਚ ਕਾਨੂੰਨ-ਵਿਵਸਥਾ ਦੀ ਸਥਿਤੀ ਬਹੁਤ ਹੀ ਨਾਜ਼ੁਕ ਬਣ ਚੁੱਕੀ ਹੈ। ਗੈਂਗਸਟਰ ਬੇਖੌਫ਼ ਘੁੰਮ ਰਹੇ ਹਨ, ਅਪਰਾਧਿਕ ਘਟਨਾਵਾਂ ਵਧ ਰਹੀਆਂ ਹਨ, ਪਰ ਸਰਕਾਰ ਦੀ ਤਵੱਜੋ ਅਸਲ ਮੁੱਦਿਆਂ ਦੀ ਥਾਂ ਰਾਜਨੀਤਿਕ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ’ਤੇ ਕੇਂਦ੍ਰਿਤ ਹੈ। ਉਨ੍ਹਾਂ ਕਿਹਾ ਕਿ ਪੁਲਿਸ ਤੰਤਰ ਦਾ ਰਾਜਨੀਤੀਕਰਨ ਕਰਕੇ ਉਸਨੂੰ ਦਬਾਅ ਦੇ ਹਥਿਆਰ ਵਜੋਂ ਵਰਤਣਾ ਲੋਕਤੰਤਰ ਲਈ ਘਾਤਕ ਸੰਕੇਤ ਹੈ। ਉਨ੍ਹਾਂ ਮਾਨ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਵਿਰੋਧੀਆਂ ਦੀ ਆਵਾਜ਼ ਨੂੰ ਦਬਾ ਕੇ ਸਰਕਾਰ ਆਪਣੀਆਂ ਨਾਕਾਮੀਆਂ ’ਤੇ ਪਰਦਾ ਨਹੀਂ ਪਾ ਸਕਦੀ। ਉਨ੍ਹਾਂ ਕਿਹਾ ਕਿ ਕਿਸਾਨ, ਨੌਜਵਾਨ,ਵਪਾਰੀ ਅਤੇ ਮਜ਼ਦੂਰ ਵਰਗ ਅੱਜ ਵੀ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਬੇਰੁਜ਼ਗਾਰੀ, ਕਾਨੂੰਨ-ਵਿਵਸਥਾ ਅਤੇ ਵਿਕਾਸ ਦੇ ਮੋਰਚੇ ’ਤੇ ਸਰਕਾਰ ਪੂਰੀ ਤਰ੍ਹਾਂ ਅਸਫਲ ਰਹੀ ਹੈ। ਐਸੇ ਹਾਲਾਤਾਂ ਵਿੱਚ ਧਿਆਨ ਭਟਕਾਉਣ ਲਈ ਵਿਰੋਧੀ ਆਗੂਆਂ ’ਤੇ ਕਾਰਵਾਈਆਂ ਕਰਨਾ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਕਾਂਗਰਸ ਪਾਰਟੀ ਕਿਸੇ ਵੀ ਕਿਸਮ ਦੀ ਧੱਕੇਸ਼ਾਹੀ ਅੱਗੇ ਝੁਕਣ ਵਾਲੀ ਨਹੀਂ। ਜੇਕਰ ਲੋਕਤੰਤਰਿਕ ਹੱਕਾਂ ਦੀ ਅਣਦੇਖੀ ਜਾਰੀ ਰਹੀ ਤਾਂ ਪਾਰਟੀ ਸੜਕ ਤੋਂ ਵਿਧਾਨ ਸਭਾ ਤੱਕ ਸੰਘਰਸ਼ ਕਰੇਗੀ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਦਿੱਲੀ ਦੀ ਚਾਕਰੀ ਛੱਡ ਕੇ ਪੰਜਾਬ ਅਤੇ ਪੰਜਾਬੀਆਂ ਦੇ ਹਿੱਤ ਵਿਚ ਫ਼ੈਸਲੇ ਕੀਤੇ ਜਾਣ ਅਤੇ ਲੋਕਾਂ ਨਾਲ ਕੀਤੇ ਵਾਅਦੇ ਤੁਰੰਤ ਪੂਰੇ ਕੀਤੇ ਜਾਣ ਨਹੀਂ ਤਾਂ ਜਨਤਾ ਆਉਣ ਵਾਲੇ ਸਮੇਂ ਵਿਚ ਇਸਦਾ ਕਰਾਰਾ ਜਵਾਬ ਦੇਵੇਗੀ।