ਹੱਸਦਾ ਬਚਪਨ ਖਾਮੋਸ਼ ਕਮਰਿਆਂ ’ਚ ਗੁੰਮ : ਗੇਮਿੰਗ ਦੀ ਲਤ ਬਣੀ ਜਾਨਲੇਵਾ
ਹੱਸਦਾ ਬਚਪਨ ਖਾਮੋਸ਼ ਕਮਰਿਆਂ ’ਚ ਗੁੰਮ: ਗੇਮਿੰਗ ਦੀ ਲਤ ਬਣੀ ਜਾਨਲੇਵਾ
Publish Date: Fri, 06 Feb 2026 04:16 PM (IST)
Updated Date: Fri, 06 Feb 2026 04:20 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਜੇਕਰ ਤੁਹਾਡਾ ਬੱਚਾ ਆਪਣੇ ਆਪ ਨੂੰ ਕਮਰੇ ਵਿਚ ਬੰਦ ਕਰਕੇ ਘੰਟਿਆਂ ਤੱਕ ਮੋਬਾਈਲ ਜਾਂ ਔਨਲਾਈਨ ਗੇਮਾਂ ਵਿਚ ਡੁੱਬਿਆ ਰਹਿੰਦਾ ਹੈ, ਤਾਂ ਇਹ ਸਿਰਫ਼ ਆਦਤ ਨਹੀਂ, ਸਗੋਂ ਇੱਕ ਗੰਭੀਰ ਖ਼ਤਰਾ ਹੈ। ਹਾਲ ਹੀ ਵਿਚ ਗਾਜ਼ੀਆਬਾਦ ’ਚ ਤਿੰਨ ਭੈਣਾਂ ਵੱਲੋਂ ਗੇਮਿੰਗ ਦੀ ਲਤ ਕਾਰਨ ਨੌਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਸਮੂਹਿਕ ਖੁਦਕੁਸ਼ੀ ਕਰਨ ਦੀ ਘਟਨਾ ਨੇ ਸਮਾਜ ਨੂੰ ਹਿਲਾ ਦਿੱਤਾ ਹੈ। ਇਹ ਵਾਕਿਆ ਸਿਰਫ਼ ਇੱਕ ਘਟਨਾ ਨਹੀਂ, ਸਗੋਂ ਹਰ ਮਾਪੇ ਲਈ ਸਖ਼ਤ ਚੇਤਾਵਨੀ ਹੈ। ਅੰਕੜੇ ਦੱਸਦੇ ਹਨ ਕਿ ਪੰਜ ਵਿੱਚੋਂ ਇੱਕ ਬੱਚਾ ਔਨਲਾਈਨ ਗੇਮਾਂ ਦਾ ਆਦੀ ਹੈ, ਜਦਕਿ ਕਈ ਖੇਤਰਾਂ ਵਿੱਚ ਤਿੰਨ ਵਿੱਚੋਂ ਦੋ ਬੱਚੇ ਇਸ ਲਤ ਦਾ ਸ਼ਿਕਾਰ ਹਨ। ਫ੍ਰੀ ਫਾਇਰ, ਬੀਜੀਐਮਆਈ ਅਤੇ ਖ਼ਤਰਨਾਕ ਟਾਸਕ-ਅਧਾਰਤ ਗੇਮਾਂ ਨੇ ਬੱਚਿਆਂ ਦੀ ਸੋਚ ਅਤੇ ਵਿਹਾਰ ‘ਤੇ ਡੂੰਘਾ ਪ੍ਰਭਾਵ ਪਾਇਆ ਹੈ। ਮੋਬਾਈਲ ਖੋਹਣ ’ਤੇ ਗੁੱਸਾ, ਹਿੰਸਕ ਰਵੱਈਆ ਅਤੇ ਚੀਖ-ਚਿਲਲ ਇਸ ਬਿਮਾਰੀ ਦੇ ਸਾਫ਼ ਲੱਛਣ ਹਨ। ਮਾਹਿਰਾਂ ਅਨੁਸਾਰ ਗੇਮਿੰਗ ਡਿਸਆਰਡਰ ਡਿਪਰੈਸ਼ਨ, ਚਿੰਤਾ, ਇਕੱਲਾਪਨ ਅਤੇ ਚਿੜਚਿੜੇਪਨ ਨੂੰ ਜਨਮ ਦੇ ਰਿਹਾ ਹੈ। ਬੱਚੇ ਪਰਿਵਾਰ ਤੋਂ ਦੂਰ ਹੋ ਕੇ ਆਪਣੇ ਆਪ ‘ਚ ਕੈਦ ਹੋ ਰਹੇ ਹਨ। ਸਰੀਰਕ ਤੌਰ ’ਤੇ ਮੋਟਾਪਾ, ਅੱਖਾਂ ਦੀ ਕਮਜ਼ੋਰੀ, ਹੱਥਾਂ ਦਾ ਦਰਦ ਅਤੇ ਨੀਂਦ ਦੀ ਗੜਬੜ ਵਧ ਰਹੀ ਹੈ। ਇਸ ਸਥਿਤੀ ਲਈ ਬੱਚਿਆਂ ਨਾਲੋਂ ਵੱਧ ਜ਼ਿੰਮੇਵਾਰੀ ਮਾਪਿਆਂ ’ਤੇ ਆਉਂਦੀ ਹੈ। ਪਿਆਰ, ਸਮਾਂ ਅਤੇ ਸਹੀ ਮਾਰਗਦਰਸ਼ਨ ਦੇ ਕੇ ਹੀ ਅਸੀਂ ਬਚਪਨ ਨੂੰ ਇਸ ਡਿਜ਼ੀਟਲ ਕੈਦ ਤੋਂ ਬਚਾ ਸਕਦੇ ਹਾਂ। ਇਸ ਗੰਭੀਰ ਮਸਲੇ ਨੂੰ ਲੈ ਕੇ ਕੀ ਕਹਿੰਦੇ ਹਨ ਸਮਾਜ ਸੇਵੀ ਸੰਸਥਾਵਾਂ ਦੇ ਆਗੂ। ਸਤਿੰਦਰ ਸੱਚਦੇਵਾ ਭਾਰਤ ਵਿਕਾਸ ਪ੍ਰੀਸ਼ਦ ਦੇ ਸਟੇਟ ਮੀਤ ਪ੍ਰਧਾਨ ਸਤਿੰਦਰ ਸੱਚਦੇਵਾ ਨੇ ਕਿਹਾ ਕਿ ਗਾਜ਼ੀਆਬਾਦ ਦੀ ਘਟਨਾ ਨੇ ਸਾਰੇ ਸਮਾਜ ਨੂੰ ਝੰਝੋੜ ਦਿੱਤਾ ਹੈ। ਇਹ ਸਿਰਫ਼ ਤਿੰਨ ਧੀਆਂ ਦੀ ਮੌਤ ਨਹੀਂ, ਸਗੋਂ ਸਾਡੇ ਸਮਾਜ ਲਈ ਇੱਕ ਖ਼ਤਰਨਾਕ ਚੇਤਾਵਨੀ ਹੈ। ਅਸੀਂ ਬੱਚਿਆਂ ਨੂੰ ਸਹੂਲਤਾਂ ਤਾਂ ਦਿੱਤੀਆਂ, ਪਰ ਸਮਾਂ ਨਹੀਂ। ਹੁਣ ਲੋੜ ਹੈ ਕਿ ਹਰ ਪਿੰਡ ਤੇ ਸ਼ਹਿਰ ਵਿੱਚ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣ। ਲੇਖਕ ਗੁਰਚਰਨ ਨੂਰਪੁਰ ਸਾਹਿਤਕਾਰ ਅਤੇ ਪ੍ਰਸਿੱਧ ਲੇਖਕ ਗੁਰਚਰਨ ਨੂਰਪੁਰ ਨੇ ਕਿਹਾ ਕਿ ਅੱਜ ਦਾ ਬੱਚਾ ਪਰਿਵਾਰ ਨਾਲ ਗੱਲ ਕਰਨ ਦੀ ਥਾਂ ਗੇਮ ਨਾਲ ਗੱਲ ਕਰਦਾ ਹੈ। ਇਹ ਇਕੱਲਤਾ ਉਸਨੂੰ ਅੰਦਰੋਂ ਖਾ ਰਹੀ ਹੈ। ਮਾਪਿਆਂ ਨੂੰ ਬੱਚਿਆਂ ਦਾ ਦੋਸਤ ਬਣ ਕੇ ਉਨ੍ਹਾਂ ਦੇ ਮਨ ਦੀ ਸੁਣਨੀ ਹੋਵੇਗੀ, ਨਹੀਂ ਤਾਂ ਇਹ ਲਤ ਪੀੜ੍ਹੀ ਲਈ ਜ਼ਹਿਰ ਬਣ ਜਾਵੇਗੀ। ਸੇਵਾ ਮੁਕਤ ਲੈਕਚਰਾਰ ਨਰਿੰਦਰ ਸਿੰਘ ਐਨਜੀਓ ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਸੇਵਾ ਮੁਕਤ ਲੈਕਚਰਾਰ ਨਰਿੰਦਰ ਸਿੰਘ ਨੇ ਕਿਹਾ ਕਿ ਪੰਜ ਵਿੱਚੋਂ ਤਿੰਨ ਬੱਚਿਆਂ ਦਾ ਗੇਮਿੰਗ ਦਾ ਆਦੀ ਹੋਣਾ ਸਿਰਫ਼ ਅੰਕੜਾ ਨਹੀਂ, ਇਹ ਸਮਾਜ ਦੀ ਨਾਕਾਮੀ ਹੈ। ਸਕੂਲਾਂ ਵਿਚ ਕੌਂਸਲਿੰਗ, ਖੇਡਾਂ ਅਤੇ ਸਾਂਝੇ ਗਤੀਵਿਧੀਆਂ ਲਾਜ਼ਮੀ ਕੀਤੀਆਂ ਜਾਣ, ਤਾਂ ਜੋ ਬੱਚੇ ਮੋਬਾਈਲ ਤੋਂ ਬਾਹਰ ਨਿਕਲ ਸਕਣ। ਅਮਰੀਕ ਸਿੰਘ ਅਹੂਜਾ ਆਰਟ ਆਫ ਲਿਵਿੰਗ ਦੇ ਅਪੈਕਸ ਮੈਂਬਰ ਅਮਰੀਕ ਸਿੰਘ ਅਹੂਜਾ ਨੇ ਕਿਹਾ ਕਿ ਮੋਬਾਈਲ ਫੋਨ ਨੇ ਬੱਚਿਆਂ ਦੇ ਹੱਥਾਂ ਵਿੱਚ ਮਨੋਰੰਜਨ ਨਹੀਂ, ਤਬਾਹੀ ਫੜਾ ਦਿੱਤੀ ਹੈ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਖ਼ਤਰਨਾਕ ਗੇਮਾਂ ’ਤੇ ਸਖ਼ਤ ਨਿਗਰਾਨੀ ਲਗਾਈ ਜਾਵੇ ਅਤੇ ਮਾਪਿਆਂ ਲਈ ਮਾਰਗਦਰਸ਼ਨ ਪ੍ਰੋਗਰਾਮ ਚਲਾਏ ਜਾਣ। ਸੇਵਾ ਮੁਕਤ ਤਹਿਸੀਲਦਾਰ ਗੁਰਤੇਜ ਸਿੰਘ ਗਿੱਲ ਸਹਾਰਾ ਕਲੱਬ ਦੇ ਪ੍ਰਧਾਨ ਸੇਵਾ ਮੁਕਤ ਤਹਿਸੀਲਦਾਰ ਗੁਰਤੇਜ ਸਿੰਘ ਗਿੱਲ ਨੇ ਕਿਹਾ ਕਿ ਜੇ ਅਸੀਂ ਅੱਜ ਵੀ ਨਾ ਸੰਭਲੇ, ਤਾਂ ਕੱਲ੍ਹ ਇਹ ਖ਼ਤਰਨਾਕ ਲਤ ਸਾਡੀ ਪੂਰੀ ਪੀੜ੍ਹੀ ਨੂੰ ਅੰਧਕਾਰ ਦੇ ਗਹਿਰੇ ਖੱਡ ਵੱਲ ਧੱਕ ਦੇਵੇਗੀ। ਇਹ ਸਿਰਫ਼ ਇਕ ਆਦਤ ਨਹੀਂ, ਸਗੋਂ ਭਵਿੱਖ ਲਈ ਵੱਡੀ ਚੇਤਾਵਨੀ ਹੈ। ਬੱਚਿਆਂ ਨੂੰ ਮੋਬਾਈਲ ਨਹੀਂ, ਸਗੋਂ ਮਾਪਿਆਂ ਦਾ ਪਿਆਰ, ਸਮਾਂ, ਸਹਾਰਾ, ਸੰਵਾਦ ਅਤੇ ਸਹੀ ਦਿਸ਼ਾ ਦੀ ਸਖ਼ਤ ਲੋੜ ਹੈ, ਤਾਂ ਜੋ ਉਹ ਚਮਕਦਾ ਭਵਿੱਖ ਰਚ ਸਕਣ। ਮਨੀਸ਼ ਚੌਧਰੀ ਸਨੀ ਸ੍ਰੀ ਕ੍ਰਿਸ਼ਨਾ ਗਲੋਬਲ ਹਸਪਤਾਲ ਦੇ ਐੱਮਡੀ ਮਨੀਸ਼ ਚੌਧਰੀ ਸਨੀ ਨੇ ਕਿਹਾ ਕਿ ਮੋਬਾਈਲ ਅਤੇ ਗੇਮਿੰਗ ਦੀ ਲਤ ਹੁਣ ਮਨੋਰੰਜਨ ਨਹੀਂ, ਇਕ ਗੰਭੀਰ ਬਿਮਾਰੀ ਹੈ। ਕਮਰੇ ‘ਚ ਇਕਾਂਤ, ਗੁੱਸਾ ਅਤੇ ਮੋਬਾਈਲ ਤੋਂ ਵੱਖ ਨਾ ਹੋ ਸਕਣਾ ਗੇਮਿੰਗ ਡਿਸਆਰਡਰ ਦੇ ਲੱਛਣ ਹਨ। ਇਹ ਡਿਪਰੈਸ਼ਨ, ਚਿੰਤਾ ਤੇ ਹਿੰਸਕ ਸੋਚ ਵਧਾਉਂਦੀ ਹੈ। ਮਾਪੇ ਤੁਰੰਤ ਸੰਵਾਦ, ਸਮਾਂ ਅਤੇ ਸਕਰੀਨ-ਟਾਈਮ ਦੀਆਂ ਹੱਦਾਂ ਨਿਰਧਾਰਤ ਕਰਨ।