ਮੱਲਾਂਵਾਲਾ ਪੀਐੱਚਸੀ ’ਚ ਬੁਨਿਆਦੀ ਸੁਵਿਧਾਵਾਂ ਦੀ ਕਮੀ, ਮਰੀਜ਼ ਪ੍ਰੇਸ਼ਾਨ
ਮੱਲਾਂਵਾਲਾ ਪੀਐੱਚਸੀ ਵਿਚ ਬੁਨਿਆਦੀ ਸੁਵਿਧਾਵਾਂ ਦੀ ਕਮੀ, ਮਰੀਜ਼ ਪ੍ਰੇਸ਼ਾਨ
Publish Date: Sun, 04 Jan 2026 03:43 PM (IST)
Updated Date: Sun, 04 Jan 2026 03:44 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੱਲਾਂਵਾਲਾ: ਮੱਲਾਂਵਾਲਾ ਕਸਬੇ ਅਤੇ ਆਸ-ਪਾਸ ਦੇ ਪਿੰਡਾਂ ਲਈ ਸਿਹਤ ਸੇਵਾਵਾਂ ਦਾ ਕੇਂਦਰ ਮੰਨਿਆ ਜਾਂਦਾ ਪ੍ਰਾਈਮਰੀ ਹੈੱਲਥ ਸੈਂਟਰ (ਪੀਐੱਚਸੀ) ਅੱਜ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਨਹੀਂ ਉਤਰਦਾ ਦਿੱਸ ਰਿਹਾ। ਲਗਭਗ 16 ਹਜ਼ਾਰ ਤੋਂ ਵੱਧ ਆਬਾਦੀ ਨੂੰ ਸਹੂਲਤਾਂ ਦੇਣ ਵਾਲੇ ਇਸ ਸਿਹਤ ਕੇਂਦਰ ਵਿਚ ਬੁਨਿਆਦੀ ਵਿਵਸਥਾਵਾਂ ਦੀ ਭਾਰੀ ਕਮੀ ਕਾਰਨ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰ ਪ੍ਰੇਸ਼ਾਨ ਹਨ। ਹਸਪਤਾਲ ਕੰਪਲੈਕਸ ’ਚ ਸਫ਼ਾਈ ਦੀ ਹਾਲਤ ਦਿਨੋਂ-ਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਕਈ ਥਾਵਾਂ ’ਤੇ ਕੂੜਾ ਇਕੱਠਾ ਹੋਇਆ ਪਿਆ ਹੈ, ਜਦਕਿ ਸੀਵਰੇਜ ਸਿਸਟਮ ਦੀ ਅਣਦੇਖੀ ਕਾਰਨ ਬਦਬੂ ਫੈਲੀ ਰਹਿੰਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਐਸੇ ਮਾਹੌਲ ਵਿੱਚ ਇਲਾਜ ਕਰਵਾਉਣਾ ਆਪਣੇ ਆਪ ਵਿਚ ਇਕ ਵੱਡੀ ਚੁਣੌਤੀ ਬਣ ਗਿਆ ਹੈ। ਸਿਹਤ ਕੇਂਦਰ ਵਿਚ ਪੀਣ ਵਾਲੇ ਸਾਫ਼ ਪਾਣੀ ਦੀ ਢੰਗ ਦੀ ਵਿਵਸਥਾ ਨਾ ਹੋਣਾ ਵੀ ਗੰਭੀਰ ਮੁੱਦਾ ਬਣਿਆ ਹੋਇਆ ਹੈ। ਦਵਾਈ ਲੈਣ ਜਾਂ ਜਾਂਚ ਲਈ ਘੰਟਿਆਂ ਉਡੀਕ ਕਰਨ ਵਾਲੇ ਮਰੀਜ਼ਾਂ ਨੂੰ ਪਾਣੀ ਲਈ ਬਾਹਰ ਜਾਣਾ ਪੈਂਦਾ ਹੈ। ਸਥਾਨਕ ਲੋਕਾਂ ਅਨੁਸਾਰ ਇਹ ਹਾਲਤ ਕਈ ਮਹੀਨਿਆਂ ਤੋਂ ਬਣੀ ਹੋਈ ਹੈ, ਪਰ ਹੁਣ ਤੱਕ ਕੋਈ ਥੋਸ ਹੱਲ ਨਹੀਂ ਨਿਕਲਿਆ। ਇਸ ਤੋਂ ਇਲਾਵਾ ਹਸਪਤਾਲ ਦੀ ਪੁਰਾਣੀ ਬਣਤਰ ਅਤੇ ਸੁੰਨੇ ਪਏ ਹਿੱਸਿਆਂ ’ਤੇ ਸ਼ਾਮ ਸਮੇਂ ਅਸਮਾਜਿਕ ਤੱਤਾਂ ਦੀ ਹਿਲਚਲ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਖਾਸ ਕਰਕੇ ਮਹਿਲਾਵਾਂ ਅਤੇ ਬਜ਼ੁਰਗਾਂ ਵਿਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ। ਇਸ ਮਾਮਲੇ ’ਤੇ ਪੀਐੱਚਸੀ ਵਿਚ ਤਾਇਨਾਤ ਡਾਕਟਰ ਅਦਿਤੀ ਸੇਠੀ ਨੇ ਕਿਹਾ ਕਿ ਉਹ ਹਾਲ ਹੀ ਵਿਚ ਇੱਥੇ ਤੈਨਾਤ ਹੋਏ ਹਨ ਅਤੇ ਸਫ਼ਾਈ ਅਤੇ ਵਿਵਸਥਾਵਾਂ ਨੂੰ ਸੁਧਾਰਨ ਲਈ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਸਬੰਧੀਐੱਸਐੱਮਓ ਬਲਕਾਰ ਸਿੰਘ ਨੇ ਦੱਸਿਆ ਕਿ ਨਗਰ ਪੰਚਾਇਤ ਨਾਲ ਮਿਲ ਕੇ ਜਲਦ ਸਫ਼ਾਈ ਅਤੇ ਬੁਨਿਆਦੀ ਸੁਵਿਧਾਵਾਂ ਬਹਾਲ ਕਰਨ ਲਈ ਕਦਮ ਚੁੱਕੇ ਜਾਣਗੇ। ਸਥਾਨਕ ਵਸਨੀਕਾਂ ਦੀ ਮੰਗ ਹੈ ਕਿ ਸਰਕਾਰ ਅਤੇ ਸਿਹਤ ਵਿਭਾਗ ਤੁਰੰਤ ਧਿਆਨ ਦੇਣ, ਤਾਂ ਜੋ ਮੱਲਾਂਵਾਲਾ ਦਾ ਇਹ ਸਿਹਤ ਕੇਂਦਰ ਮੁੜ ਆਪਣੇ ਮਕਸਦ ਨੂੰ ਪੂਰਾ ਕਰ ਸਕੇ ਅਤੇ ਲੋਕਾਂ ਨੂੰ ਸੁਰੱਖਿਅਤ ਤੇ ਸਾਫ਼ ਮਾਹੌਲ ਵਿਚ ਇਲਾਜ ਮਿਲ ਸਕੇ।