ਟਰਾਂਸਫਾਰਮਰ ਲਗਵਾਉਣ ਲਈ ਪਾਵਰਕਾਮ ਦਫ਼ਤਰ ਅੱਗ ਦਿੱਤਾ ਧਰਨਾ
ਕਿਸਾਨ ਦਾ ਟਰਾਂਸਫਾਰਮਰ ਲਗਵਾਉਣ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਬਿਜਲੀ ਕਾਰਪੋਰੇਸ਼ਨ ਦੇ ਐਕਸਨ ਦਫਤਰ ਲਾਇਆ ਧਰਨਾ
Publish Date: Fri, 13 Mar 2026 04:47 PM (IST)
Updated Date: Fri, 13 Mar 2026 04:51 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਪਿੰਡ ਮਹਿਮਾ ਦੇ ਕਿਸਾਨ ਸਰਬਜੀਤ ਸਿੰਘ ਦੀ ਖੇਤੀ ਮੋਟਰ ਉੱਪਰ ਟਰਾਂਸਫਾਰਮਰ ਲਗਵਾਉਣ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਬਿਜਲੀ ਕਾਰਪੋਰੇਸ਼ਨ ਦੇ ਸ਼ਹਿਰੀ ਐਕਸਨ ਦਫਤਰ ਅੱਗੇ ਰੋਸ ਧਰਨਾ ਦਿੱਤਾ। ਇਸ ਧਰਨੇ ਵਿਚ ਸੂਬਾ ਜਰਨਲ ਸਕੱਤਰ ਗੁਰਮੀਤ ਸਿੰਘ ਮਹਿਮਾ ਅਤੇ ਸਹਿ ਸਕੱਤਰ ਦਲਵਿੰਦਰ ਸਿੰਘ ਵੀ ਸ਼ਾਮਲ ਹੋਏ। ਇਕੱਤਰ ਹੋਏ ਕਿਸਾਨਾਂ ਨੇ ਬਿਜਲੀ ਮਹਿਕਮੇ ਦੇ ਜੇਈ ਅਮਨਦੀਪ ਸਿੰਘ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਕੀਤੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਪਿੰਡ ਮਹਿਮਾ ਦੇ ਕਿਸਾਨ ਸਰਬਜੀਤ ਸਿੰਘ ਦੀ ਖੇਤੀ ਮੋਟਰ ਉੱਪਰ ਲੋੜੀਂਦਾ ਬਿਜਲੀ ਲੋਡ ਨਾ ਪਹੁੰਚਣ ਕਰਕੇ ਪਿਛਲੇ ਡੇਢ ਸਾਲ ਤੋਂ ਟਰਾਂਸਫਾਰਮਰ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ, ਪਰ ਬਿਜਲੀ ਗਰਿੱਡ ਝੋਕ ਹਰੀਹਰ ਦੇ ਜੇਈ ਅਮਨਦੀਪ ਵੱਲੋਂ ਕਿਸਾਨ ਤੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ, ਪਰ ਕਿਸਾਨ ਵੱਲੋਂ ਰਿਸ਼ਵਤ ਨਾ ਦੇਣ ਕਰਕੇ ਕਿਸਾਨ ਦੇ ਖੇਤ ਟਰਾਂਸਫਾਰਮਰ ਲਾਉਣ ਤੋਂ ਅੜਿੱਕਾ ਲਾਇਆ ਜਾ ਰਿਹਾ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਕਿਸਾਨ ਦੀ ਫਸਲ ਬਚਾਉਣ ਲਈ ਜੱਥਬੰਦੀ ਸੰਘਰਸ਼ ਕਰਨ ਲਈ ਮਜ਼ਬੂਰ ਹੈ। ਉਨ੍ਹਾਂ ਕਿਹਾ ਕਿ ਤੁਰੰਤ ਟਰਾਂਸਫਾਰਮਰ ਲਗਾਇਆ ਜਾਵੇ ਅਤੇ ਰਿਸ਼ਵਤਖੋਰ ਜੇਈ ਅਮਨਦੀਪ ਨੂੰ ਸਸਪੈਂਡ ਕਰਕੇ ਵਿਭਾਗੀ ਜਾਂਚ ਕੀਤੀ ਜਾਵੇ। ਕਿਸਾਨਾਂ ਨੇ ਚੇਤਵਾਨੀ ਦਿੰਦਿਆਂ ਕਿਹਾ ਕਿ ਜੇਕਰ ਇਕ ਹਫਤੇ ਅੰਦਰ ਕਿਸਾਨ ਦੇ ਖੇਤ ਵਿਚ ਟਰਾਂਸਫਾਰਮਰ ਨਾਂ ਲਗਾਇਆ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ ਅਤੇ ਇਸਦੀ ਜ਼ਿੰਮੇਵਾਰੀ ਸਬੰਧਤ ਬਿਜਲੀ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਅਵਤਾਰ ਸਿੰਘ ਮਹਿਮਾ, ਗੁਰਮੀਤ ਸਿੰਘ ਮਹਿਮਾ, ਦਲਵਿੰਦਰ ਸਿੰਘ ਸ਼ੇਰਖਾਂ, ਅਮਰੀਕ ਸਿੰਘ, ਜਗਰੂਪ ਸਿੰਘ ਭੁੱਲਰ, ਰੇਸ਼ਮ ਸਿੰਘ ਹਜ਼ਾਰਾ, ਬਲਵਿੰਦਰ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।