’ਡੀਜੇ ਦੀਆਂ ਧੁਨਾਂ ਤੇ ਪੂਰਾ ਦਿਨ ਲੱਗੇ ਪਤੰਗਾਂ ਦੇ ਪੇਚੇ, ਧੁੱਪ ਨਿਕਲਦਿਆਂ ਹੀ ਨੌਜਵਾਨਾਂ ਨੇ ਮਚਾਈ ਧੂਮ
ਡੀਜੇ ਦੀਆਂ ਧੁਨਾਂ ਤੇ ਪੂਰਾ ਦਿਨ ਲੱਗੇ ਪਤੰਗਾਂ ਦੇ ਪੇਚੇ, ਧੁੱਪ ਨਿਕਲਦਿਆਂ ਹੀ ਨੌਜਵਾਨਾਂ ਨੇ ਮਚਾਈ ਧੂਮ
Publish Date: Fri, 23 Jan 2026 04:51 PM (IST)
Updated Date: Fri, 23 Jan 2026 04:54 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸ਼ਹਿਰ ਜ਼ੀਰਾ ਵਿਚ ਬਸੰਤ ਪੰਚਮੀ ਦਾ ਤਿਉਹਾਰ ਇਸ ਵਾਰ ਅਣਭੁੱਲੇ ਨਜ਼ਾਰਿਆਂ ਨਾਲ ਮਨਾਇਆ ਗਿਆ। ਅਸਮਾਨ ਰੰਗ-ਬਿਰੰਗੀਆਂ ਪਤੰਗਾਂ ਨਾਲ ਢੱਕਿਆ ਹੋਇਆ ਸੀ ਅਤੇ ਹਰ ਪਾਸੇ ਖੁਸ਼ੀ, ਉਤਸ਼ਾਹ ਤੇ ਸੰਗੀਤ ਦੀ ਗੂੰਜ ਸੁਣਾਈ ਦੇ ਰਹੀ ਸੀ। ਸਵੇਰ ਤੋਂ ਹੀ ਛੱਤਾਂ ‘ਤੇ ਡੀਜੇ ਲਗਾ ਕੇ ਪਤੰਗਬਾਜ਼ੀ ਦੀ ਸ਼ੁਰੂਆਤ ਹੋ ਗਈ। ਨੌਜਵਾਨਾਂ ਦੇ ਜੋਸ਼ ਨਾਲ ਸਾਰਾ ਸ਼ਹਿਰ ਗੂੰਜ ਉਠਿਆ ਅਤੇ ਡੀਜੇ ਦੀਆਂ ਧੁਨਾਂ ਨੇ ਮਾਹੌਲ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਨੀਲੇ ਅਸਮਾਨ ਵਿੱਚ ਨੀਲੇ, ਪੀਲੇ, ਹਰੇ, ਚਿੱਟੇ, ਲਾਲ ਅਤੇ ਕਾਲੇ ਰੰਗਾਂ ਦੀਆਂ ਪਤੰਗਾਂ ਇਕ-ਦੂਜੇ ਨਾਲ ਪੇਚੇ ਲਾਉਂਦੀਆਂ ਦਿਖਾਈ ਦਿੱਤੀਆਂ। ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬਜ਼ੁਰਗਾਂ ਤੱਕ ਹਰ ਕੋਈ ਇਸ ਤਿਉਹਾਰ ਵਿੱਚ ਰਲ ਮਿਲ ਕੇ ਸ਼ਾਮਲ ਹੋਇਆ। ਸ਼ਹਿਰ ਦੀਆਂ ਗਲੀਆਂ, ਛੱਤਾਂ ਅਤੇ ਖੁੱਲ੍ਹੇ ਮੈਦਾਨ ਪਤੰਗਾਂ ਦੇ ਰੰਗਾਂ ਨਾਲ ਸਜ ਗਏ। ਪਤੰਗ ਉਡਾਉਣ ਦੇ ਨਾਲ-ਨਾਲ ਪਤੰਗ ਲੁੱਟਣ ਦਾ ਜੋਸ਼ ਵੀ ਘੱਟ ਨਹੀਂ ਸੀ, ਜਿਸ ਕਾਰਨ ਹਰ ਪਾਸੇ ਖੁਸ਼ੀ ਦੀਆਂ ਕਿਲਕਾਰੀਆਂ ਗੂੰਜਦੀਆਂ ਰਹੀਆਂ। ਬਾਜ਼ਾਰਾਂ ਵਿੱਚ ਪਤੰਗਾਂ, ਡੋਰਾਂ, ਮਠਿਆਈਆਂ ਅਤੇ ਖਾਣ-ਪੀਣ ਦੇ ਸਮਾਨ ਦੀ ਭਰਪੂਰ ਵਿਕਰੀ ਹੋਈ। ਔਰਤਾਂ ਨੇ ਘਰਾਂ ਵਿੱਚ ਵਿਸ਼ੇਸ਼ ਪਕਵਾਨ ਤਿਆਰ ਕਰਕੇ ਛੱਤਾਂ ‘ਤੇ ਲਿਆ ਕੇ ਪਰਿਵਾਰ ਸਮੇਤ ਆਨੰਦ ਮਾਣਿਆ। ਕਈ ਲੋਕ ਤਾਂ ਪਤੰਗਾਂ ਦੇ ਜੋਸ਼ ਵਿੱਚ ਖਾਣਾ-ਪੀਣਾ ਵੀ ਭੁੱਲ ਗਏ। ਦੇਵੀ ਸਰਸਵਤੀ ਦੀ ਪੂਜਾ ਬਸੰਤ ਪੰਚਮੀ ਦੇ ਪਾਵਨ ਮੌਕੇ ‘ਤੇ ਲੋਕਾਂ ਨੇ ਵਿਦਿਆ ਦੀ ਦੇਵੀ ਸਰਸਵਤੀ ਦੀ ਰਸਮੀ ਪੂਜਾ ਕੀਤੀ। ਮੰਦਰਾਂ ਦੇ ਨਾਲ-ਨਾਲ ਘਰਾਂ ਵਿੱਚ ਵੀ ਭਗਤੀ ਭਾਵ ਨਾਲ ਪੂਜਾ ਅਰਚਨਾ ਕੀਤੀ ਗਈ। ਸ਼ਰਧਾਲੂਆਂ ਨੇ ਮਾਤਾ ਕੋਲੋਂ ਬੁੱਧੀ, ਗਿਆਨ ਅਤੇ ਤਰੱਕੀ ਦੀ ਕਾਮਨਾ ਕੀਤੀ। ਖ਼ਰਾਬ ਮੌਸਮ ਤੋਂ ਖੁਸ਼ੀ ਤੱਕ ਦਾ ਸਫ਼ਰ ਵੀਰਵਾਰ ਸ਼ਾਮ ਅਚਾਨਕ ਪਈ ਬਾਰਿਸ਼ ਅਤੇ ਠੰਢੀ ਹਵਾ ਨੇ ਪਤੰਗਬਾਜ਼ੀ ਦੇ ਸ਼ੌਕੀਨਾਂ ਨੂੰ ਨਿਰਾਸ਼ ਕਰ ਦਿੱਤਾ ਸੀ। ਕਾਲੇ ਬੱਦਲਾਂ ਕਾਰਨ ਛੱਤਾਂ ਸੁੰਨੀਆਂ ਪੈ ਗਈਆਂ। ਪਰ ਸ਼ੁਕਰਵਾਰ ਸਵੇਰੇ ਕਰੀਬ 10 ਵਜੇ ਜਦੋਂ ਅਸਮਾਨ ਸਾਫ ਹੋਇਆ ਅਤੇ ਧੁੱਪ ਨਿਕਲੀ, ਲੋਕਾਂ ਦੇ ਚਿਹਰਿਆਂ ‘ਤੇ ਮੁਸਕਾਨ ਵਾਪਸ ਆ ਗਈ। ਸ਼ਾਮ ਤੱਕ ਸ਼ਹਿਰ ਵਿੱਚ ਪਤੰਗਬਾਜ਼ੀ ਦਾ ਰੌਣਕ ਭਰਿਆ ਦ੍ਰਿਸ਼ ਬਣਿਆ ਰਿਹਾ। ਮੌਸਮ ਦੀ ਇਕ ਛੋਟੀ ਤਬਦੀਲੀ ਨੇ ਨਿਰਾਸ਼ਾ ਨੂੰ ਖੁਸ਼ੀ ਵਿੱਚ ਬਦਲ ਦਿੱਤਾ ਅਤੇ ਸਾਬਤ ਕਰ ਦਿੱਤਾ ਕਿ ਧੁੱਪ ਸਿਰਫ਼ ਅਸਮਾਨ ਨਹੀਂ, ਦਿਲਾਂ ਨੂੰ ਵੀ ਰੌਸ਼ਨ ਕਰ ਦਿੰਦੀ ਹੈ।