ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਿਸਾਨੀ ਮਸਲਿਆਂ ’ਤੇ ਕੀਤਾ ਵਿਚਾਰ-ਵਟਾਂਦਰਾ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਬਠਿੰਡਾ ਪ੍ਰਸ਼ਾਸਨ ਵੱਲੋਂ ਕੀਤੇ ਜ਼ਬਰ ਵਿਰੁੱਧ ਜਾਣ ਦੀਆਂ ਤਿਆਰੀਆਂ
Publish Date: Sat, 28 Feb 2026 04:08 PM (IST)
Updated Date: Sat, 28 Feb 2026 04:10 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੀ ਕੋਰ ਕਮੇਟੀ ਮੈਂਬਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਆਗੂ ਅਮਨਦੀਪ ਸਿੰਘ ਕੱਚਰਭੰਨ ਦੇ ਗ੍ਰਹਿ ਵਿਖੇ ਹੋਈ। ਮੀਟਿੰਗ ਦੌਰਾਨ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਕੋਰ ਕਮੇਟੀ ਆਗੂਆਂ ਨੂੰ ਬਠਿੰਡਾ ਪ੍ਰਸ਼ਾਸਨ ਵੱਲੋਂ ਜਿਉਂਦ ਦੇ ਕਿਸਾਨਾਂ ਮਜ਼ਦੂਰਾਂ ਤੇ ਕੀਤੇ ਅੱਤਿਆਚਾਰ ਵਿਰੁੱਧ ਜ਼ਿਲ੍ਹਾ ਭਰ ਦੇ ਸਾਰੇ ਜੋਨਾਂ ਵਿਚੋਂ 6 ਮਾਰਚ ਨੂੰ ਸੈਂਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਪਹੰਚਣ ਦੀਆਂ ਤਿਆਰੀਆਂ ਕੀਤੀਆਂ ਜਾਣ। ਕਿਸਾਨ ਆਗੂਆਂ ਨੇ ਅੱਗੇ ਸਾਰੇ ਜੋਨਾਂ ਵਿਚ ਫੰਡਾਂ ਦੀ ਰਿਪੋਰਟ, ਜਥੇਬੰਦੀ ਦੇ ਸੰਵਿਧਾਨ ਅਨੁਸਾਰ ਕੱਟੀ ਮੈਂਬਰਸ਼ਿਪ ਤੇ ਜੋਨਾਂ ਦੀ ਚੋਣ ਕਰਨ ਸਬੰਧੀ ਅਹਿਮ ਵਿਚਾਰਾਂ ਕੀਤੀਆਂ। ਕਿਸਾਨ ਆਗੂਆਂ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਭਰ ਦੇ ਪੁਲਿਸ ਨਾਲ ਲਟਕਦੇ ਮਸਲੇ ਕਾਫ਼ੀ ਦੇਰ ਤੋਂ ਪੈਡਿੰਗ ਪਏ ਹਨ ਤੇ ਵਾਰ-ਵਾਰ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਪ੍ਰਸ਼ਾਸਨ ਮਸਲੇ ਹੱਲ ਨਹੀਂ ਕਰ ਰਿਹਾ, ਜਲਦ ਹੀ ਜ਼ਿਲ੍ਹੇ ਦੀ ਮੀਟਿੰਗ ਕਰਕੇ ਫੈਸਲਾ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਕੀਤੇ ਅਮਰੀਕਾ ਨਾਲ ਵਪਾਰਕ ਸਮਝੌਤੇ ਰੱਦ ਕਰਨ, ਬਿਜਲੀ ਸੋਧ ਬਿੱਲ, ਬੀਜ ਐਕਟ 2025 ਮੁੱਢੋਂ ਹੀ ਰੱਦ ਕਰਨ ਦੀ ਜ਼ੋਰਦਾਰ ਮੰਗ ਕਰਦਿਆਂ ਦਫਤਰਾਂ ਵਿੱਚ ਹੁੰਦੀ ਲੋਕਾਂ ਦੀ ਲੁੱਟ, ਨਸ਼ਿਆਂ ਦੇ ਫੈਲੇ ਜਾਲ, ਹੁੰਦੀਆਂ ਲੁੱਟਾਂ ਖੋਹਾਂ ਨੂੰ ਰੋਕਣ ਵਿਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਬੁਰੀ ਤਰ੍ਹਾਂ ਫੈਲ ਹੋ ਚੁੱਕੀ ਹੈ ਤੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਹਰ ਤਰ੍ਹਾਂ ਦੇ ਹਰਬੇ ਵਰਤ ਰਹੀ ਹੈ।ਇਸ ਮੌਕੇ ਧਰਮ ਸਿੰਘ ਸਿੱਧੂ, ਗੁਰਮੇਲ ਸਿੰਘ ਫੱਤੇਵਾਲਾ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਹਰਫੂਲ ਸਿੰਘ ਦੂਲੇਵਾਲਾ ਆਦਿ ਆਗੂ ਹਾਜ਼ਰ ਸਨ।