ਖ਼ਾਲਸਾ ਏਡ ਵਲੋਂ ਛੋਟੇ ਕਿਸਾਨਾਂ ਲਈ ਸਾਂਝੀ ਖੇਤੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ
ਖ਼ਾਲਸਾ ਏਡ ਵਲੋਂ ਛੋਟੇ ਕਿਸਾਨਾਂ ਲਈ ਸਾਂਝੀ ਖੇਤੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ
Publish Date: Mon, 02 Mar 2026 04:19 PM (IST)
Updated Date: Mon, 02 Mar 2026 04:19 PM (IST)

ਕੇਵਲ ਆਹੂਜਾ, ਪੰਜਾਬੀ ਜਾਗਰਣ ਮਖੂ : ਪੰਜਾਬ ਦੇ ਛੋਟੇ ਤੇ ਆਰਥਿਕ ਤੌਰ ’ਤੇ ਕਮਜ਼ੋਰ ਕਿਸਾਨਾਂ ਨੂੰ ਮਜ਼ਬੂਤ ਸਹਾਰਾ ਦੇਣ ਲਈ ਖਾਲਸਾ ਏਡ ਵੱਲੋਂ ਸਾਂਝੀ ਖੇਤੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪਹਿਲ ਦਾ ਮੂਲ ਉਦੇਸ਼ ਉਨ੍ਹਾਂ ਕਿਸਾਨਾਂ ਦੀ ਸਹਾਇਤਾ ਕਰਨਾ ਹੈ ਜਿਨ੍ਹਾਂ ਕੋਲ ਪੰਜ ਏਕੜ ਜਾਂ ਇਸ ਤੋਂ ਘੱਟ ਜ਼ਮੀਨ ਹੈ ਅਤੇ ਜੋ ਆਧੁਨਿਕ ਖੇਤੀਬਾੜੀ ਮਸ਼ੀਨਰੀ ਦੀ ਕਮੀ ਕਾਰਨ ਵਧੇਰੇ ਖਰਚ ਤੇ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ। ਇਸ ਪ੍ਰੋਜੈਕਟ ਤਹਿਤ ਜਿਨ੍ਹਾਂ ਕਿਸਾਨਾਂ ਕੋਲ ਟਰੈਕਟਰ ਜਾਂ ਖੇਤੀਬਾੜੀ ਦੇ ਲੋੜੀਂਦੇ ਸਾਜ਼ੋ-ਸਾਮਾਨ ਜਿਵੇਂ ਹਲ, ਰੋਟਾਵੇਟਰ, ਸੀਡ ਡ੍ਰਿਲ, ਲੇਜ਼ਰ ਲੈਵਲਰ ਆਦਿ ਮੌਜ਼ੂਦ ਨਹੀਂ ਹਨ, ਉਨ੍ਹਾਂ ਨੂੰ ਇਹ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਟਰੈਕਟਰ ਦੇ ਨਾਲ ਤਜਰਬੇਕਾਰ ਡਰਾਈਵਰ ਦੀ ਸੇਵਾ ਵੀ ਦਿੱਤੀ ਜਾਵੇਗੀ ਤਾਂ ਜੋ ਵਾਹੀ ਦਾ ਕੰਮ ਸਮੇਂ ਸਿਰ ਅਤੇ ਘੱਟ ਲਾਗਤ ਤੇ ਪੂਰਾ ਹੋ ਸਕੇ। ਇਹ ਉਪਰਾਲਾ ਖੇਤੀ ਦੀ ਲਾਗਤ ਘਟਾਉਣ, ਕਰਜ਼ੇ ਦੇ ਬੋਝ ਨੂੰ ਘਟਾਉਣ ਤੇ ਛੋਟੇ ਕਿਸਾਨਾਂ ਨੂੰ ਆਤਮਨਿਰਭਰ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਇੰਚਾਰਜ਼ ਗਗਨਦੀਪ ਸਿੰਘ ਨੇ ਕਿਹਾ ਕਿ ਸਾਂਝੀ ਖੇਤੀ ਪ੍ਰੋਜੈਕਟ ਛੋਟੇ ਅਤੇ ਲੋੜਵੰਦ ਕਿਸਾਨਾਂ ਲਈ ਇਕ ਮਜ਼ਬੂਤ ਸਹਾਰਾ ਸਾਬਤ ਹੋਵੇਗਾ। ਗਗਨਦੀਪ ਸਿੰਘ ਨੇ ਅੱਗੇ ਦੱਸਿਆ ਕਿ ਇਸ ਯੋਜਨਾ ਦਾ ਮਕਸਦ ਸਿਰਫ਼ ਮਸ਼ੀਨਰੀ ਉਪਲਬਧ ਕਰਵਾਉਣਾ ਹੀ ਨਹੀਂ, ਸਗੋਂ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨਾ ਅਤੇ ਖੇਤੀਬਾੜੀ ਨੂੰ ਲਾਭਕਾਰੀ ਬਣਾਉਣਾ ਵੀ ਹੈ। ਇਸ ਮੌਕੇ ਖਾਲਸਾ ਏਡ ਦੇ ਜਸਪ੍ਰੀਤ ਸਿੰਘ ਦਹੀਆ, ਸੰਦੀਪ ਸਿੰਘ ਲਹਿਰਾ, ਲਖਵਿੰਦਰ ਸਿੰਘ ਤੇ ਗੁਰਮੀਤ ਸਿੰਘ (ਬਿਲ ਮਾਟੋ) ਨੇ ਵੀ ਕਿਹਾ ਕਿ ਇਹ ਪ੍ਰੋਜੈਕਟ ਪੰਜਾਬ ਦੇ ਛੋਟੇ ਕਿਸਾਨਾਂ ਲਈ ਇਕ ਮਿਸਾਲੀ ਪਹਿਲ ਹੈ। ਸਾਂਝੀ ਖੇਤੀ ਪ੍ਰੋਜੈਕਟ ਰਾਹੀਂ ਨਾ ਸਿਰਫ਼ ਕਿਸਾਨਾਂ ਦੀ ਤੁਰੰਤ ਲੋੜਾਂ ਪੂਰੀਆਂ ਕੀਤੀਆਂ ਜਾਣਗੀਆਂ, ਸਗੋਂ ਸਾਂਝੇਪਣ ਤੇ ਸਹਿਯੋਗ ਦੀ ਭਾਵਨਾ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ, ਜੋ ਆਉਣ ਵਾਲੇ ਸਮੇਂ ਵਿੱਚ ਖੇਤੀਬਾੜੀ ਲਈ ਇਕ ਨਵਾਂ ਮਾਡਲ ਸਾਬਤ ਹੋ ਸਕਦਾ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜੱਜ ਵੀਰ ਸਿੰਘ, ਠਾਕਰ ਸਿੰਘ, ਅਮ੍ਰਿਤ ਸਿੰਘ, ਮਨੀ ਗਿੱਲ ਚੱਕੀਆਂ, ਸਰਪੰਚ ਤਰਲੋਕ ਸਿੰਘ ਰੁਕਨੇ ਵਾਲਾ, ਸਰਪੰਚ ਨਿਸ਼ਾਨ ਸਿੰਘ, ਸਾਬਕਾ ਸਰਪੰਚ ਮੁਖਤਿਆਰ ਸਿੰਘ ਆਦਿ ਹਾਜ਼ਰ ਸਨ।