ਰੇਲਵੇ ਸਟੇਸ਼ਨ ’ਤੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਚਲਾਇਆ ਸਰਚ ਆਪ੍ਰੇਸ਼ਨ
ਫ਼ਿਰੋਜ਼ਪੁਰ ਰੇਲਵੇ ਸਟੇਸ਼ਨ ’ਤੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਚਲਾਇਆ ‘ਕਾਸੋ’ ਸਰਚ ਆਪ੍ਰੇਸ਼ਨ
Publish Date: Wed, 14 Jan 2026 03:42 PM (IST)
Updated Date: Wed, 14 Jan 2026 03:45 PM (IST)

- ਯਾਤਰੀਆਂ ਦੇ ਸਾਮਾਨ ਅਤੇ ਸ਼ੱਕੀ ਵਿਅਕਤੀਆਂ ਦੀ ਬਾਰੀਕੀ ਨਾਲ ਹੋਈ ਜਾਂਚ ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : 26 ਜਨਵਰੀ ਨੂੰ ਮਨਾਏ ਜਾਣ ਵਾਲੇ ਗਣਤੰਤਰ ਦਿਵਸ ਦੇ ਸਬੰਧ ਵਿਚ ਦੇਸ਼ ਭਰ ਵਿਚ ਸੁਰੱਖਿਆ ਏਜੰਸੀਆਂ ਹਾਈ ਅਲਰਟ ’ਤੇ ਹਨ। ਇਸੇ ਲੜੀ ਤਹਿਤ ਸੀਨੀਅਰ ਅਧਿਕਾਰੀਆਂ ਅਤੇ ਜੀਆਰਪੀ ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਫ਼ਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਵਿਖੇ ਵਿਸ਼ੇਸ਼ ਕਾਸੋ ਸਰਚ ਆਪ੍ਰੇਸ਼ਨ ਚਲਾਇਆ ਗਿਆ। ਇਸ ਸਰਚ ਆਪ੍ਰੇਸ਼ਨ ਦੀ ਅਗਵਾਈ ਜੀਆਰਪੀ ਥਾਣਾ ਮੁੱਖੀ ਇੰਸਪੈਕਟਰ ਨਵੀਨ ਕੁਮਾਰ, ਥਾਣਾ ਸਦਰ ਫ਼ਿਰੋਜ਼ਪੁਰ ਦੇ ਮੁੱਖ ਅਫ਼ਸਰ ਅਤੇ ਆਰ.ਪੀ.ਐੱਫ. ਦੇ ਸਟਾਫ਼ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ। ਪੁਲਿਸ ਅਤੇ ਰੇਲਵੇ ਸੁਰੱਖਿਆ ਬਲਾਂ ਨੇ ਸਟੇਸ਼ਨ ਦੇ ਸਾਰੇ ਪਲੇਟਫਾਰਮਾਂ, ਪਾਰਕਿੰਗ ਖੇਤਰ, ਪਾਰਸਲ ਘਰ ਅਤੇ ਵੇਟਿੰਗ ਹਾਲ ਦੀ ਬਾਰੀਕੀ ਨਾਲ ਜਾਂਚ ਕੀਤੀ। ਇਨ੍ਹਾਂ ਹੀ ਨਹੀਂ, ਰੇਲਵੇ ਟਰੈਕਾਂ ਦੇ ਆਲੇ-ਦੁਆਲੇ ਅਤੇ ਸਟੇਸ਼ਨ ਦੇ ਐਂਟਰੀ ਪੁਆਇੰਟਾਂ ’ਤੇ ਵੀ ਕਰੜੀ ਨਜ਼ਰ ਰੱਖੀ ਗਈ। ਸਰਚ ਆਪ੍ਰੇਸ਼ਨ ਦੌਰਾਨ ਰੇਲਵੇ ਸਟੇਸ਼ਨ ’ਤੇ ਮੌਜ਼ੂਦ ਯਾਤਰੀਆਂ ਦੇ ਸਾਮਾਨ ਦੀ ਮੈਟਲ ਡਿਟੈਕਟਰਾਂ ਅਤੇ ਹੋਰ ਆਧੁਨਿਕ ਉਪਕਰਨਾਂ ਨਾਲ ਚੈਕਿੰਗ ਕੀਤੀ ਗਈ। ਕੁਝ ਸ਼ੱਕੀ ਲੱਗਣ ਵਾਲੇ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਤੋਂ ਪੁੱਛਗਿੱਛ ਵੀ ਕੀਤੀ ਗਈ ਅਤੇ ਉਨ੍ਹਾਂ ਦੇ ਪਛਾਣ ਪੱਤਰਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਇੰਸਪੈਕਟਰ ਨਵੀਨ ਕੁਮਾਰ ਅਤੇ ਇੰਸਪੈਕਟਰ ਕ੍ਰਿਸ਼ਨ ਅਰੋੜਾ ਨੇ ਦੱਸਿਆ ਕਿ ਫਿਲਹਾਲ ਚੈਕਿੰਗ ਦੌਰਾਨ ਕੋਈ ਵੀ ਸ਼ੱਕੀ ਵਿਅਕਤੀ ਜਾਂ ਇਤਰਾਜ਼ਯੋਗ ਸਾਮਾਨ ਬਰਾਮਦ ਨਹੀਂ ਹੋਇਆ ਹੈ। ਪੁਲਿਸ ਅਧਿਕਾਰੀਆਂ ਨੇ ਆਮ ਲੋਕਾਂ ਅਤੇ ਰੇਲਵੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਅਣਪਛਾਤੀ ਚੀਜ਼ ਨੂੰ ਹੱਥ ਨਾ ਲਗਾਉਣ ਅਤੇ ਜੇਕਰ ਕੋਈ ਸ਼ੱਕੀ ਗਤੀਵਿਧੀ ਨਜ਼ਰ ਆਉਂਦੀ ਹੈ, ਤਾਂ ਤੁਰੰਤ ਰੇਲਵੇ ਪੁਲਿਸ ਜਾਂ ਸੁਰੱਖਿਆ ਬਲਾਂ ਨੂੰ ਸੂਚਿਤ ਕਰਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਹ ਚੈਕਿੰਗ ਅਭਿਆਨ ਲਗਾਤਾਰ ਜਾਰੀ ਰਹੇਗਾ ਤਾਂ ਜੋ ਸ਼ਾਂਤੀ ਅਤੇ ਸੁਰੱਖਿਆ ਨੂੰ ਬਰਕਰਾਰ ਰੱਖਿਆ ਜਾ ਸਕੇ।