ਕੰਬੋਜ ਬੈਂਕ ਅਤੇ ਕੰਬੋਜ ਮੈਡੀਸਿਟੀ ਬਨਾਉਣਾ ਮੁੱਖ ਟੀਚਾ : ਹਰਜਿੰਦਰ ਹਾਂਡਾ
ਕੰਬੋਜ਼ ਭਾਈਚਾਰੇ ਦੇ ਆਗੂ ਹਰਜਿੰਦਰ ਹਾਂਡਾ ‘ਕੰਬੋਜ਼ ਫਾਊਂਡੇਸ਼ਨ’ ਦੇ ਵਾਇਸ ਪ੍ਰਧਾਨ ਬਣੇ
Publish Date: Mon, 23 Mar 2026 03:37 PM (IST)
Updated Date: Mon, 23 Mar 2026 03:40 PM (IST)

ਰਵੀ ਮੌਂਗਾ, ਪੰਜਾਬੀ ਜਾਗਰਣ ਗੁਰੂਹਰਸਹਾਏ : ਕੰਬੋਜ ਭਾਈਚਾਰੇ ਦੀ ਨਾਮਵਰ ਸਮਾਜ ਸੇਵੀ ਸੰਸਥਾ ‘ਕੰਬੋਜ ਫਾਊਂਡੇਸ਼ਨ’ ਦੀ ਇਕ ਅਹਿਮ ਇਕੱਤਰਤਾ ਸ਼ਹੀਦ ਊਧਮ ਸਿੰਘ ਭਵਨ ਚੰਡੀਗੜ੍ਹ ਵਿਖੇ ਹੋਈ। ਜਿਸ ਵਿਚ ਦੇਸ਼-ਵਿਦੇਸ਼ ਤੋਂ ਕੰਬੋਜ ਭਾਈਚਾਰੇ ਦੇ ਆਗੂਆਂ ਨੇ ਭਾਗ ਲਿਆ। ਕੰਬੋਜ ਫਾਊਂਡੇਸ਼ਨ ਦੇ ਆਗੂਆਂ ਵੱਲੋਂ ਜਿੱਥੇ ਸ਼੍ਰੋਮਣੀ ਸ਼ਹੀਦ ਊਧਮ ਸਿੰਘ ਦੇ ਨਾਮ ਉੱਤੇ ਬਣ ਰਹੀ ‘ਊਧਮ ਸਿੰਘ ਸ਼ਹੀਦ ਸਕਿੱਲ ਯੂਨੀਵਰਸਿਟੀ’ ਵਿੱਚ 31 ਜੁਲਾਈ ਨੂੰ ਕਲਾਸਾਂ ਸ਼ੁਰੂ ਕਰਨ ਦਾ ਟੀਚਾ ਮਿੱਥਿਆ ਗਿਆ, ਉਥੇ ਹੀ ਕੰਬੋਜ਼ ਫਾਊਂਡੇਸ਼ਨ ਦੇ ਆਗੂਆਂ ਦੀਆਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। ਇਸ ਵਿਚ ਕੰਬੋਜ ਭਾਈਚਾਰੇ ਲਈ ਪਿਛਲੇ ਲੰਬੇ ਸਮੇਂ ਤੋਂ ਸਮਰਪਿਤ ਦੀ ਭਾਵਨਾ ਨਾਲ ਆਪਣੀਆਂ ਅਹਿਮ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਕੰਬੋਜ ਭਾਈਚਾਰੇ ਦੇ ਸਿਰਕੱਢ ਆਗੂ ਹਰਜਿੰਦਰ ਹਾਂਡਾ ਨੂੰ ਕੰਬੋਜ ਫਾਊਂਡੇਸ਼ਨ ਦੀ ਗਵਰਨਿੰਗ ਬੌਡੀ ਦਾ ਵਾਇਸ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਹੀ ਆਸ਼ੂਤੋਸ਼ ਕੰਬੋਜ ਅਤੇ ਲੈਕਚਰਾਰ ਰਾਜਿੰਦਰ ਕੰਬੋਜ਼ ਨੂੰ ਕੰਬੋਜ਼ ਭਾਈਚਾਰੇ ਦੀ ਗਵਰਨਿੰਗ ਬੌਡੀ ਦਾ ਵਰਕਿੰਗ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ। ਆਪਣੀ ਇਸ ਨਿਯੁਕਤੀ ਉੱਤੇ ਹਰਜਿੰਦਰ ਹਾਂਡਾ ਵੱਲੋਂ ਡਾ. ਸੰਦੀਪ ਕੌੜਾ ਸੰਸਥਾਪਕ ਵਾਇਸ ਚਾਂਸਲਰ ਊਧਮ ਸਿੰਘ ਸ਼ਹੀਦ ਸਕਿੱਲ ਯੂਨੀਵਰਸਿਟੀ ਅਤੇ ਬਾਕੀ ਸਭ ਆਗੂਆਂ ਦਾ ਧੰਨਵਾਦ ਕੀਤਾ। ਕੰਬੋਜ ਫਾਊਂਡੇਸ਼ਨ ਦੇ ਟੀਚਿਆਂ ਬਾਰੇ ਜਾਣਕਾਰੀ ਦਿੰਦਿਆਂ ਹਰਜਿੰਦਰ ਹਾਂਡਾ ਨੇ ਦੱਸਿਆ ਕਿ ਕੰਬੋਜ ਫਾਊਂਡੇਸ਼ਨ ਦੇ ਵੱਲੋਂ ਊਧਮ ਸਿੰਘ ਸ਼ਹੀਦ ਸਕਿੱਲ ਯੂਨੀਵਰਸਿਟੀ ਬਨਾਉਣ ਤੋਂ ਬਾਅਦ ਕੰਬੋਜ ਫਾਊਂਡੇਸ਼ਨ ਦੇ ਵੱਲੋਂ ਕੰਬੋਜ ਬੈਂਕ ਅਤੇ ਕੰਬੋਜ਼ ਮੈਡੀਸਿਟੀ ਬਨਾਉਣ ਦਾ ਟੀਚਾ ਮਿੱਥਿਆ ਗਿਆ ਹੈ। ਹਰਜਿੰਦਰ ਹਾਂਡਾ ਨੇ ਸਮੂਹ ਕੰਬੋਜ ਭਾਈਚਾਰੇ ਨੂੰ ਕੰਬੋਜ ਫਾਊਂਡੇਸ਼ਨ ਨਾਲ ਜੁੜਣ ਦੀ ਅਪੀਲ ਕੀਤੀ।