ਧੂਮਧਾਮ ਨਾਲ ਕੱਢੀ ਕਲਸ਼ ਯਾਤਰਾ
ਧੂਮਧਾਮ ਨਾਲ ਕੱਢੀ ਗਈ ਕਲਸ਼ ਯਾਤਰਾ
Publish Date: Mon, 20 Apr 2026 04:50 PM (IST)
Updated Date: Mon, 20 Apr 2026 04:51 PM (IST)

ਅੰਗਰੇਜ਼ ਭੁੱਲਰ ,ਪੰਜਾਬੀ ਜਾਗਰਣ ਫਿਰੋਜ਼ਪੁਰ : ਸ਼ਹਿਰ ਦੇ ਧਰਮ ਪ੍ਰੇਮੀਆਂ ਵੱਲੋਂ ਸ਼੍ਰੀਮਦ ਭਾਗਵਤ ਕਥਾ ਦੇ ਸਬੰਧ ਵਿਚ ਕਲਸ਼ ਯਾਤਰਾ ਕੱਢੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਭਾਗ ਲਿਆ। ਇਸ ਧਾਰਮਿਕ ਯਾਤਰਾ ਵਿਚ 1008 ਵਿਗਿਆਨਾਂਨੰਦ ਜੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਅਤੇ ਸੰਗਤ ਨੂੰ ਆਸ਼ੀਰਵਾਦ ਦਿੱਤਾ। ਇਹ ਕਲਸ਼ ਯਾਤਰਾ ਸਚਦੇਵਾ ਗਲੀ ਵਿੱਚ ਸਥਿਤ ਕ੍ਰਿਸ਼ਨ ਮੰਦਰ ਤੋਂ ਸ਼ੁਰੂ ਹੋਈ ਅਤੇ ਸ਼ਹਿਰ ਦੇ ਵੱਖ-ਵੱਖ ਬਾਜਾਰਾ ਤੋਂ ਹੁੰਦੀ ਹੋਈ ਸ਼੍ਰੀ ਸਨਾਤਨ ਧਰਮ ਮਹਾਵੀਰ ਮੰਦਰ ਜਾ ਕੇ ਸਮਾਪਤ ਹੋਈ। ਯਾਤਰਾ ਦੌਰਾਨ ਭਗਤਜਨ ਭਜਨ-ਕੀਰਤਨ ਕਰਦੇ ਹੋਏ ਅੱਗੇ ਵੱਧਦੇ ਰਹੇ, ਜਿਸ ਨਾਲ ਪੂਰਾ ਮਾਹੌਲ ਧਾਰਮਿਕ ਰੰਗ ਵਿੱਚ ਰੰਗਿਆ ਹੋਇਆ ਦਿਖਾਈ ਦਿੱਤਾ। ਇਸ ਮੌਕੇ ਬਾਜ਼ਾਰ ਨਿਵਾਸੀਆਂ ਵੱਲੋਂ ਕਲਸ਼ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਸੰਗਤ ਦਾ ਸਨਮਾਨ ਕੀਤਾ ਅਤੇ ਕਈ ਥਾਵਾਂ ’ਤੇ ਲੰਗਰ ਲਗਾ ਕੇ ਸ਼ਰਧਾਲੂਆਂ ਲਈ ਪਾਣੀ, ਫਲ ਅਤੇ ਹੋਰ ਪ੍ਰਸਾਦ ਦੀ ਸੇਵਾ ਕੀਤੀ ਗਈ। ਇਹ ਦ੍ਰਿਸ਼ ਭਾਈਚਾਰੇ ਅਤੇ ਸਾਂਝੀ ਭਾਵਨਾ ਦੀ ਸੁੰਦਰ ਮਿਸਾਲ ਪੇਸ਼ ਕਰਦਾ ਸੀ।ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਗੀਤਾ ਪ੍ਰਚਾਰ ਧਰਮ ਕਮੇਟੀ ਦੇ ਮਹਾਂ ਮੰਤਰੀ ਪ੍ਰੇਮਨਾਥ ਸ਼ਰਮਾ ਨੇ ਦੱਸਿਆ ਕਿ ਇਸ ਕਲਸ਼ ਯਾਤਰਾ ਦਾ ਮੁੱਖ ਉਦੇਸ਼ 21 ਅਪ੍ਰੈਲ ਤੋਂ ਸ਼ੁਰੂ ਹੇਕੇ 28 ਅਪ੍ਰੈਲ ਤੱਕ ਚੱਲਣ ਵਾਲੀ ਸ਼੍ਰੀਮਦ ਭਾਗਵਤ ਕਥਾ ਦਾ ਸੁਨੇਹਾ ਘਰ-ਘਰ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਕਥਾ ਦੌਰਾਨ ਸੰਗਤ ਨੂੰ ਧਾਰਮਿਕ ਗਿਆਨ ਪ੍ਰਦਾਨ ਕੀਤਾ ਜਾਵੇਗਾ ਅਤੇ ਜੀਵਨ ਨੂੰ ਸਹੀ ਮਾਰਗ ’ਤੇ ਲੈ ਜਾਣ ਦੀ ਪ੍ਰੇਰਣਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਕਥਾ ਦਾ ਉਚਾਰਨ ਸ਼੍ਰੀ ਸ਼੍ਰੀ 1008 ਵਿਗਿਆਨਾਂਨੰਦ ਜੀ ਵੱਲੋਂ ਕੀਤਾ ਜਾਵੇਗਾ, ਜਿਨ੍ਹਾਂ ਦੇ ਵਚਨ ਸੰਗਤ ਨੂੰ ਆਤਮਿਕ ਸ਼ਾਂਤੀ ਅਤੇ ਧਾਰਮਿਕ ਪ੍ਰੇਰਣਾ ਪ੍ਰਦਾਨ ਕਰਨਗੇ। ਸ਼ਹਿਰ ਵਿੱਚ ਇਸ ਸਮਾਗਮ ਨੂੰ ਲੈ ਕੇ ਭਗਤਾਂ ਵਿਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਇਹ ਕਥਾ ਸ਼੍ਰੀ ਸਨਾਤਨ ਧਰਮ ਮਹਾਂਵੀਰ ਦਲ ਮੰਦਿਰ ਵਿਖੇ ਕੀਤੀ ਜਾਵੇਗੀ। ਇਸ ਮੌਕੇ ਨਾਰੰਗ ਪਹਾੜੀਆ, ਸ਼ਾਮ ਸਿੰਘ, ਜਸਵੰਤ ਸਿੰਘ, ਰਿੰਕੂ ਮੈਣੀ, ਗਰਧਾਰੀ ਲਾਲ, ਅਸ਼ੋਕ ਕੱਕੜ, ਅਰੁਣ ਸ਼ਰਮਾ, ਗੁਰਪ੍ਰੀਤ, ਸੁਖਰਾਜ ਗੋਰਾ, ਕਮਲੇਸ਼ ਪੰਡਿਤ ਰਾਮ ਜੀ, ਸੁਰਿੰਦਰ ਸਿੰਘ ਸਮੇਤ ਅਨੇਕਾਂ ਆਗੂ ਹਾਜ਼ਰ ਸਨ।